ਕਾਲਾ ਸੰਘਿਆਂ ਨੇੜੇ ਭਿਆਨਕ ਸੜਕ ਹਾਦਸਾ: ਸਕਾਰਪਿਓ ਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
ਮ੍ਰਿਤਕ ਦੇ ਸਾਥੀ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਉਸ ਦੇ ਸਰੀਰ 'ਤੇ ਹੋਰ ਵੀ ਕਈ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਪਿਓ ਸਵਾਰ ਵਿਅਕਤੀ ਪਿੰਡ ਠੱਠੇ ਟਿੱਬੇ ਦਾ ਰਹਿਣ ਵਾਲਾ ਹੈ।
Publish Date: Sun, 01 Feb 2026 04:52 PM (IST)
Updated Date: Sun, 01 Feb 2026 04:54 PM (IST)
ਕਾਲਾ ਸੰਘਿਆਂ, ਪੰਜਾਬੀ ਜਾਗਰਣ ਸੁਖਵਿੰਦਰ ਸਿੰਘ ਸਿੱਧੂ: ਕਾਲਾ ਸੰਘਿਆਂ-ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਪਿੰਡ ਸੰਧੂ ਚੱਠਾ (ਜੱਲੋਵਾਲ ਮੋੜ) ਦੇ ਚੌਂਕ ਵਿਖੇ ਅੱਜ ਇੱਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਖਾਨੋਵਾਲ ਨਿਵਾਸੀ ਗੰਗਾ ਰਾਮ, ਜੋ ਕਿ ਹਲਵਾਈ ਦਾ ਕੰਮ ਕਰਦਾ ਸੀ, ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ (ਨੰਬਰ PB 09 AC 8804) 'ਤੇ ਸਵਾਰ ਹੋ ਕੇ ਉੱਗੀ ਵੱਲ ਕੰਮ ਲਈ ਜਾ ਰਿਹਾ ਸੀ। ਜਿਵੇਂ ਹੀ ਉਹ ਰੋਡ 'ਤੇ ਚੜ੍ਹੇ ਤਾਂ ਸੁਲਤਾਨਪੁਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ (ਨੰਬਰ PB 09 AR 1979) ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਰੁੱਖ ਨਾਲ ਜਾ ਟਕਰਾਈ ਗੱਡੀ
ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਗੱਡੀ ਦੇ ਹੇਠਾਂ ਫੱਸ ਗਿਆ। ਸਕਾਰਪਿਓ ਗੱਡੀ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਸੜਕ ਕਿਨਾਰੇ ਲੱਗੇ ਇੱਕ ਰੁੱਖ ਨਾਲ ਜਾ ਟਕਰਾਈ। ਹਾਦਸੇ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਜਾ ਰਿਹਾ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਗੰਗਾ ਰਾਮ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਜ਼ਖ਼ਮੀ ਦੀ ਹਾਲਤ ਗੰਭੀਰ
ਮ੍ਰਿਤਕ ਦੇ ਸਾਥੀ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਉਸ ਦੇ ਸਰੀਰ 'ਤੇ ਹੋਰ ਵੀ ਕਈ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਪਿਓ ਸਵਾਰ ਵਿਅਕਤੀ ਪਿੰਡ ਠੱਠੇ ਟਿੱਬੇ ਦਾ ਰਹਿਣ ਵਾਲਾ ਹੈ।
ਪੁਲਿਸ ਕਾਰਵਾਈ
ਹਾਲਾਂਕਿ ਮਾਮਲਾ ਸਥਾਨਕ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਅਜੇ ਤੱਕ ਕਿਸੇ ਪੁਲਿਸ ਅਧਿਕਾਰੀ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਜਾਂ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਮੰਦਭਾਗੀ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।