ਗਰਮੀ ’ਚ ਬੱਚਿਆਂ ਤੇ ਬਜ਼ੁਰਗਾਂ ਦਾ ਰੱਖੋ ਖਾਸ ਖਿਆਲ
ਵੱਧ ਰਹੀ ਗਰਮੀ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦਾ ਰੱਖੋ ਖਾਸ ਖਿਆਲ
Publish Date: Sun, 26 Apr 2026 07:26 PM (IST)
Updated Date: Sun, 26 Apr 2026 07:28 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਤਾਪਮਾਨ ਲਗਾਤਾਰ ਵਧ ਰਿਹਾ ਹੈ। ਗਰਮੀ ਦੀ ਲਹਿਰ ਨੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ, ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਲਈ ਇਹ ਮੌਸਮ ਚੁਣੌਤੀ ਭਰਿਆ ਸਾਬਤ ਹੋ ਰਿਹਾ ਹੈ। ਸਿਹਤ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਵਧਾਨੀਆਂ ਨਾ ਵਰਤੀਆਂ ਗਈਆਂ ਤਾਂ ਹੀਟ ਸਟ੍ਰੋਕ ਤੇ ਡੀਹਾਈਡਰੇਸ਼ਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਡਾਕਟਰ ਰਾਜੀਵ ਅਗਰਵਾਲ, ਅਗਰਵਾਲ ਹਸਪਤਾਲ ਫਗਵਾੜਾ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਕਾਰਨ ਉਹ ਗਰਮੀ ਦੇ ਅਸਰ ਨੂੰ ਜ਼ਿਆਦਾ ਤੇਜ਼ੀ ਨਾਲ ਮਹਿਸੂਸ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਧੁੱਪ ਵਿਚ ਜਾਣ ਤੋਂ ਬਚਾਇਆ ਜਾਵੇ ਤੇ ਘਰ ਵਿਚ ਠੰਢੇ ਤੇ ਹਵਾਦਾਰ ਮਾਹੌਲ ਵਿਚ ਰੱਖਿਆ ਜਾਵੇ। ਡਾ. ਅਗਰਵਾਲ ਨੇ ਕਿਹਾ ਕਿ ਜੇ ਕਿਸੇ ਨੂੰ ਚੱਕਰ ਆਉਣ, ਬੁਖਾਰ ਜਾਂ ਬੇਹੋਸ਼ੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ। ਸਰਕਾਰ ਤੇ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਾਸ ਧਿਆਨ ਰੱਖਣ ਤਾਂ ਜੋ ਗਰਮੀ ਦੇ ਮੌਸਮ ਨੂੰ ਸੁਰੱਖਿਅਤ ਢੰਗ ਨਾਲ ਬਤੀਤ ਕੀਤਾ ਜਾ ਸਕੇ। ਖਾਸ ਸਾਵਧਾਨੀਆਂ: ਬੱਚਿਆਂ ਤੇ ਬਜ਼ੁਰਗਾਂ ਨੂੰ ਵੱਧ ਤੋਂ ਵੱਧ ਪਾਣੀ ਪਿਲਾਇਆ ਜਾਵੇ ਦੁਪਹਿਰ 12 ਤੋਂ 4 ਵਜੇ ਤੱਕ ਘਰ ਤੋਂ ਬਾਹਰ ਜਾਣ ਤੋਂ ਪਰਹੇਜ਼ ਕੀਤਾ ਜਾਵੇ ਹਲਕੇ ਤੇ ਸੂਤੀ ਕੱਪੜੇ ਪਹਿਨਾਏ ਜਾਣ ਤਾਜ਼ੇ ਫਲ ਤੇ ਪੋਸ਼ਟਿਕ ਖੁਰਾਕ ਦਿੱਤੀ ਜਾਵੇ ਘਰ ਵਿਚ ਕੂਲਰ ਜਾਂ ਪੱਖੇ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ