ਸਵੀਮਿੰਗ ਪੂਲ ’ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਮੌਤ
ਪੀੜਤ ਪਰਿਵਾਰ ਨੇ ਕਿਸੇ
Publish Date: Fri, 08 May 2026 11:09 PM (IST)
Updated Date: Fri, 08 May 2026 11:11 PM (IST)

ਪੀੜਤ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਕੀਤੀ ਨਾਂਹ ਜਾਸ, ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕੰਪਲੈਕਸ ’ਚ ਲੰਘੇ ਵੀਰਵਾਰ ਨੂੰ ਸਵੀਮਿੰਗ ਪੂਲ ’ਚ ਇਕ 11 ਸਾਲਾ ਵਿਦਿਆਰਥੀ ਦੀ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਇਸ ਮਾਮਲੇ ’ਚ ਪੁਲਿਸ ਕਾਰਵਾਈ ਕਰਵਾਉਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ ਤੇ ਅੱਜ ਸ਼ੁੱਕਰਵਾਰ ਨੂੰ ਉਸ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਹੈ ਪਰ ਘਟਨਾ ਤੋਂ ਬਾਅਦ ਆਰਸੀਐੱਫ ਇੰਪਲਾਇਜ਼ ਯੂਨੀਅਨ ਦੇ ਨੇਤਾਵਾਂ ਨੇ ਪ੍ਰਸ਼ਾਸਨਿਕ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਯੂਨੀਅਨ ਨੇਤਾਵਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਜਦ ਐਮਰਜੈਂਸੀ ਸਥਿਤੀ ’ਚ ਐਂਬੂਲੈਂਸ ਨੂੰ ਸੱਦਿਆ ਗਿਆ ਤਾਂ ਉਹ ਸਟਾਰਟ ਨਹੀਂ ਹੋਈ ਤੇ ਬੇਹੋਸ਼ ਬੱਚੇ ਨੂੰ ਬਾਈਕ ’ਤੇ ਹਸਪਤਾਲ ਲਿਜਾਣਾ ਪਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਰਸੀਐੱਫ ਦੇ ਇਕ ਕਰਮਚਾਰੀ ਦਾ 11 ਸਾਲਾ ਬੇਟਾ ਸਵੀਮਿੰਗ ਸਿੱਖਣ ਲਈ ਪਹਿਲੀ ਵਾਰ ਵੀਰਵਾਰ ਨੂੰ ਸਵੀਮਿੰਗ ਪੂਲ ਗਿਆ ਸੀ। ਇਸ ਦੌਰਾਨ ਉਹ ਪਾਣੀ ’ਚ ਡੁੱਬ ਗਿਆ ਤੇ ਉਸ ਦੀ ਹਾਲਤ ਗੰਭੀਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਪਰ ਐਂਬੂਲੈਂਸ ਦੇ ਸਟਾਰਟ ਨਾ ਹੋਣ ਕਾਰਨ ਸਮੇਂ ’ਤੇ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਬੱਚੇ ਦੀ ਜਾਨ ਨਹੀਂ ਬਚ ਸਕੀ। ਘਟਨਾ ਤੋਂ ਬਾਅਦ ਯੂਨੀਅਨ ਨੇ ਆਰਸੀਐੱਫ ਦੇ ਜਨਰਲ ਮੈਨੇਜਰ ਨੂੰ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀਐੱਸਪੀ ਸਬ-ਡਿਵੀਜ਼ਨ ਕਪੂਰਥਲਾ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਕੋਈ ਵੀ ਕਾਰਵਾਈ ਨਾ ਕਰਾਉਣ ਦੀ ਗੱਲ ਕਹੀ ਹੈ।