ਇਸ ਸਾਲ ਦਾ ਵਰਿਆਮ ਯਾਦਗਾਰੀ ਪੁਰਸਕਾਰ ਸੁਸ਼ੀਲ ਦੁਸਾਂਝ ਨੂੰ
ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ” ਸੁਸ਼ੀਲ ਦੁਸਾਂਝ ਨੂੰ ਮਿਲੇਗਾ
Publish Date: Sat, 02 May 2026 07:43 PM (IST)
Updated Date: Sat, 02 May 2026 07:44 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਹਰ ਸਾਲ ਦਿੱਤਾ ਜਾਂਦਾ ਸੰਤ ਜਗਦੀਸ਼ ਸਿੰਘ ਯਾਦਗਾਰੀ ਪੁਰਸਕਾਰ 2026 ਚੰਡੀਗੜ੍ਹ ਤੋਂ ਛਪਦੇ “ਹੁਣ” ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੂੰ ਦਿੱਤਾ ਜਾਵੇਗਾ। ਇਹ ਐਲਾਨ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ, ਪ੍ਰਧਾਨ ਡਾ. ਰਘਬੀਰ ਕੌਰ, ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਤੇ ਸਨਮਾਨ ਕਮੇਟੀ ਦੇ ਕਨਵੀਨਰ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਸਾਹਿਤਕ ਰਸਾਲੇ ਦੇ ਸੰਪਾਦਕ ਨੂੰ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿਚ 21000 ਰੁਪਏ ਨਗਦ, ਸਨਮਾਨ ਚਿੰਨ੍ਹ ਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ। ਸੰਤ ਜਗਜੀਤ ਸਿੰਘ ਵਰਿਆਮ ਦੀ ਸਪੁੱਤਰੀ ਤੇ “ਵਰਿਆਮ” ਰਸਾਲੇ ਦੀ ਸੰਪਾਦਕ ਡਾ. ਰਜਵੰਤ ਕੌਰ ਤੇ ਸੰਤ ਜਗਦੀਸ਼ ਸਿੰਘ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਇਕ ਵਿਸ਼ੇਸ਼ ਸਮਾਗਮ ਕਰਕੇ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਇਹ ਪੁਰਸਕਾਰ “ਸਿਰਜਣਾ” ਰਸਾਲੇ ਦੇ ਸੰਪਾਦਕ ਡਾ. ਰਘਬੀਰ ਸਿੰਘ ਸਿਰਜਣਾ ਤੇ “ਏਕਮ” ਰਸਾਲੇ ਦੀ ਸੰਪਾਦਕ ਅਰਤਿੰਦਰ ਸੰਧੂ ਨੂੰ ਦਿੱਤਾ ਜਾ ਚੁੱਕਾ ਹੈ।