ਸੁਰਖ ਮੰਚ ਵੱਲੋਂ ਸਟੂਡੀਓ 23 ਮਾਰਚ ਦਾ ਆਗਾਜ਼
ਸੁਰਖ ਮੰਚ ਵੱਲੋਂ ਪ੍ਰੀਤ ਨਗਰ ਫਗਵਾੜਾ ਵਿਖੇ ਕੀਤਾ ਗਿਆ ਸਟੂਡੀਓ 23 ਮਾਰਚ ਦਾ ਆਗਾਜ਼
Publish Date: Mon, 27 Apr 2026 07:49 PM (IST)
Updated Date: Mon, 27 Apr 2026 07:52 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੰਚ ਵੱਲੋਂ ਪ੍ਰੀਤ ਨਗਰ ਫਗਵਾੜਾ ਵਿਖੇ ਸਟੂਡੀਓ 23 ਮਾਰਚ ਦਾ ਅਗਾਜ਼ ਕੀਤਾ ਗਿਆ, ਜਿਸ ਵਿਚ ਸਥਾਨਕ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਟੂਡੀਓ 23 ਮਾਰਚ ਬਾਰੇ ਦੱਸਦਿਆਂ ਸੁਰਖ ਮੰਚ ਦੇ ਬੁਲਾਰੇ ਨੇ ਦੱਸਿਆ ਕਿ ਸਾਡੀਆਂ ਕਲਾ ਕਿਰਤਾਂ, ਚਾਹੇ ਉਹ ਫਿਲਮਾਂ ਹੋਣ, ਚਾਹੇ ਉਹ ਨਾਟਕ, ਚਾਹੇ ਉਹ ਫੋਟੋਗ੍ਰਾਫੀ ਹੋਵੇ ਉਨ੍ਹਾਂ ਦਾ ਅੱਜ ਦੇ ਸਮਾਜ ਵਿਚ ਰਹਿੰਦੇ ਹੋਏ ਲੋਕਾਂ ਨਾਲ਼ ਕੋਈ ਰਿਸ਼ਤਾ ਬਣਦਾ ਹੈ। ਉਨ੍ਹਾਂ ਦੇ ਦੁੱਖਾਂ ਤੇ ਸਮਾਜਿਕ ਦੁਸ਼ਵਾਰੀਆਂ ਨੂੰ ਕਲਾ ਕਿਰਤਾਂ ’ਚ ਸਮੋ ਕੇ ਜੱਗ ਜ਼ਾਹਿਰ ਕਰਨਾ ਹੁੰਦਾ ਹੈ। ਮੌਜੂਦਾ ਦੌਰ ਵਿਚ ਸੱਤਾ ’ਤੇ ਕਾਬਜ਼ ਰਹਿਣ ਲਈ, ਲੋਕਾਂ ਨੂੰ ਲੁੱਟਣ ਵਾਲੀਆਂ ਸਰਕਾਰਾਂ, ਲੋਕਾਂ ਵਿਚ ਇਕ ਆਮ ਵਿਚਾਰ ਤਿਆਰ ਕਰ ਕੇ ਇਹ ਸਹਿਮਤੀ ਲੈਂਦੀਆਂ ਹਨ ਕਿ ਉਹ ਸਭ ਤੋਂ ਵਧੀਆ ਹਨ ਤਾਂ ਜੋ ਓਹ ਮੁੜ ਸੱਤਾ ਵਿਚ ਆ ਸਕਣ ਤੇ ਇਸ ਲਈ ਸਭ ਵੱਡੇ ਹਥਿਆਰ ਦੇ ਤੌਰ ’ਤੇ ਮੀਡੀਆ ਤੇ ਫਿਲਮਾਂ ਨੂੰ ਵਰਤਦੇ ਹਨ। ਉੱਧਰ ਸੁਰਖ ਮੰਚ ਇਹ ਅਹਿਦ ਕਰਦਾ ਹੈ ਕਿ ਉਹ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਏਗਾ ਤੇ ਕਲਾ ਸਾਹਿਤ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਬਾਰੇ ਸੋਚਣ ਲਾਵੇਗਾ। ਜਿਸ ਚਿੰਤਨ ਨਾਲ਼ ਭਗਤ ਸਿੰਘ ਲੋਕਾਂ ਨੂੰ ਜੋੜਨਾ ਚਾਹੁੰਦਾ ਸੀ, ਉਸ ਨਾਲ਼ ਲੋਕਾਂ ਨੂੰ ਜੋੜਦਾ ਰਹੇਗਾ ਸਟੂਡੀਓ 23 ਮਾਰਚ। ਇਸ ਕਾਰਜ ਨੂੰ ਕਰਨ ਦੇ ਲਈ ਆਪਣੇ ਅਗਲੇਰੇ ਕਦਮਾਂ ਨੂੰ ਪੁੱਟਦੇ ਹੋਏ ਸਟੂਡੀਓ 23 ਮਾਰਚ ਨੂੰ ਵਰਤਦੇ ਹੋਏ, ਛੋਟੀਆਂ ਫਿਲਮਾਂ, ਕਵਿਤਾਵਾਂ ਦੀ ਫ਼ਿਲਮੀ ਪੇਸ਼ਕਾਰੀ, ਫੋਟੋ ਪ੍ਰਦਰਸ਼ਨੀ ਤੇ ਨਾਟਕਾਂ ਰਾਹੀਂ ਆਪਣੀ ਗੱਲ ਲੋਕਾਂ ਤੀਕ ਲੈ ਕੇ ਜਾਂਦਾ ਰਹੇਗਾ। ਇਸ ਪ੍ਰੋਗਰਾਮ ਵਿਚ ਪਰਵਿੰਦਰਜੀਤ ਸਿੰਘ, ਗੁਰਮੀਤ ਸਿੰਘ ਪਲਾਹੀ, ਅਧਿਆਪਕ ਭਲਾਈ ਕਮੇਟੀ,ਅਧਿਆਪਕ ਆਗੂ ਗੁਰਮੁਖ ਲੋਕਪ੍ਰੇਮੀ, ਸ਼ੇਖਰ ਭਨੋਟ ਲਾਇਬ੍ਰੇਰੀ, ਪਰਵਾਜ਼ ਥੀਏਟਰ, ਅੱਜ ਦਾ ਪੰਜਾਬ ਸੰਸਥਾਵਾਂ ਦੇ ਬੁਲਾਰਿਆਂ ਤੇ ਕਵਿੱਤਰੀਆਂ ਜਸਵਿੰਦਰ ਫਗਵਾੜਾ, ਨਰਿੰਦਰ ਪਾਲ ਨੇ ਆਪਣੀ ਗੱਲ ਰੱਖਦਿਆਂ ਮੰਚ ਦੀ ਹੌਸਲਾ ਅਫ਼ਜਾਈ ਕੀਤੀ।