30 ਰੁਪਏ ਲਈ ਨਹੀਂ, ਨਿੱਜੀ ਰੰਜਿਸ਼ ਕਾਰਨ ਕੀਤਾ ਸੂਰਜ ਦਾ ਕਤਲ
30 ਰੁਪਏ ਲਈ ਨਹੀਂ, ਨਿੱਜੀ ਰੰਜਿਸ਼ ‘ਚ ਸੂਰਜ ਦਾ ਕਤਲ
Publish Date: Tue, 28 Apr 2026 11:12 PM (IST)
Updated Date: Tue, 28 Apr 2026 11:13 PM (IST)

ਫੁੱਫੜ-ਭਤੀਜੇ ਨੇ ਪਲਾਸਟਿਕ ਸਟ੍ਰਿਪ ਨਾਲ ਗਲਾ ਘੁੱਟ ਕੇ ਕੀਤਾ ਕਤਲ ਕਪੂਰਥਲਾ ਪੁਲਿਸ ਨੇ 12 ਘੰਟਿਆਂ ’ਚ ਕੇਸ ਸੁਲਝਾਇਆ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਨਡਾਲਾ ਦਾਣਾ ਮੰਡੀ ਵਿਚ 22 ਸਾਲਾ ਸੂਰਜ ਕੁਮਾਰ ਦੀ ਹੱਤਿਆ 30 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਨਹੀਂ, ਸਗੋਂ ਨਿੱਜੀ ਰੰਜਿਸ਼ ਕਾਰਨ ਕੀਤੀ ਗਈ ਸੀ। ਇਹ ਖੁਲਾਸਾ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਮੰਗਲਵਾਰ ਨੂੰ ਪੁਲਿਸ ਲਾਈਨ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸਿਰਫ਼ 12 ਘੰਟਿਆਂ ਵਿਚ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸੁਭਾਨਪੁਰ ਦੀ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ। ਐੱਸਐੱਸਪੀ ਨੇ ਦੱਸਿਆ ਕਿ 26 ਅਪ੍ਰੈਲ ਨੂੰ ਰਾਮਚੰਦਰ ਮੰਡਲ, ਨਿਵਾਸੀ ਹਰਿਪੁਰ (ਜ਼ਿਲ੍ਹਾ ਪੂਰਨੀਆ, ਬਿਹਾਰ), ਜੋ ਇਸ ਵੇਲੇ ਨਡਾਲਾ ਵਿਚ ਰਹਿੰਦਾ ਹੈ, ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਸਦੇ ਪੁੱਤਰ ਸੂਰਜ ਕੁਮਾਰ ਦਾ ਦਾਣਾ ਮੰਡੀ ਵਿਚ ਕੁਝ ਮਜ਼ਦੂਰਾਂ ਨਾਲ 30 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ। ਜਾਂਚ ਦੌਰਾਨ ਐੱਸਪੀ (ਡੀ) ਹਰਿੰਦਰ ਸਿੰਘ ਗਿੱਲ, ਡੀਐੱਸਪੀ ਗਗਨਦੀਪ ਸਿੰਘ, ਡੀਐੱਸਪੀ ਦਵਿੰਦਰ ਸਿੰਘ ਬਾਜਵਾ ਤੇ ਐੱਸਐੱਚਓ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਬਣੀਆਂ ਟੀਮਾਂ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ। ਜਾਂਚ ਵਿਚ ਸਾਹਮਣੇ ਆਇਆ ਕਿ 26-27 ਅਪ੍ਰੈਲ ਦੀ ਦਰਮਿਆਨੀ ਰਾਤ ਕਰੀਬ 3:30 ਵਜੇ ਪ੍ਰਦੀਪ ਕੁਮਾਰ ਤੇ ਭੂਸ਼ਣ ਕੁਮਾਰ, ਜੋ ਆਪਸ ਵਿਚ ਫੁੱਫੜ-ਭਤੀਜੇ ਹਨ, ਨੇ ਪਲਾਸਟਿਕ ਸਟ੍ਰਿਪ ਨਾਲ ਗਲਾ ਘੁੱਟ ਕੇ ਸੂਰਜ ਦਾ ਕਤਲ ਕਰ ਦਿੱਤਾ। ਦੋਵੇਂ ਮੁਲਜ਼ਮ ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦੇ ਰਹਿਣ ਵਾਲੇ ਹਨ ਤੇ ਇਸ ਸਮੇਂ ਨਡਾਲਾ ਵਿਚ ਰਹਿ ਰਹੇ ਸਨ। ਇਹ ਵੀ ਸਾਹਮਣੇ ਆਇਆ ਕਿ ਸੂਰਜ ਆਪਣੇ ਪਿਤਾ ਦੀ ਬਜਾਏ ਪ੍ਰਦੀਪ ਦੇ ਨਾਲ ਰਹਿੰਦਾ ਸੀ। ਭੂਸ਼ਣ ਨੂੰ ਸੂਰਜ ‘ਤੇ ਕਿਸੇ ਗੱਲ ਨੂੰ ਲੈ ਕੇ ਸ਼ੱਕ ਸੀ, ਜਿਸ ਕਾਰਨ ਇਹ ਕਤਲ ਕੀਤਾ ਗਿਆ। ਪੁਲਿਸ ਦੇ ਅਨੁਸਾਰ 30 ਰੁਪਏ ਵਾਲੀ ਗੱਲ ਬੇਬੁਨਿਆਦ ਨਿਕਲੀ ਹੈ। ਸੀਸੀਟੀਵੀ ਫੁਟੇਜ ਤੇ ਮ੍ਰਿਤਕ ਦੇ ਮੋਬਾਈਲ ਸੀਡੀਆਰ (ਕਾਲ ਡੀਟੇਲ ਰਿਕਾਰਡ) ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ।