- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਕਪੂਰਥਲਾ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਨੇ ਨਿਗਮ ਅਧਿਕਾਰੀਆਂ ਤੋਂ ਕੁੱਤਿਆਂ ਨੂੰ ਫੜਨ ਦੀ ਮੰਗ ਕੀਤੀ, ਪਰ ਹਾਲਾਤ 'ਚ ਸੁਧਾਰ ਨਹੀਂ ਹੋ ਰਿਹਾ।

ਨਰੇਸ਼ ਕਦ, ਕਪੂਰਥਲਾ: ਸ਼ਹਿਰ ਦੇ ਮੁਹੱਬਤ ਨਗਰ ਇਲਾਕੇ 'ਚ ਅਵਾਰਾ ਕੁੱਤਿਆਂ ਦਾ ਆਤੰਕ ਇਸ ਕਦਰ ਵਧ ਗਿਆ ਹੈ ਕਿ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਥਾਨਕ ਨਿਵਾਸੀਆਂ ਅਨੁਸਾਰ, ਪਿਛਲੇ ਕਰੀਬ ਦਸ ਦਿਨਾਂ 'ਚ 50 ਤੋਂ ਵੱਧ ਲੋਕਾਂ ਨੂੰ ਕੁੱਤਿਆਂ ਨੇ ਵੱਢ ਲਿਆ ਹੈ ਜਦਕਿ ਇਕ ਮਹੀਨੇ 'ਚ ਇਹ ਗਿਣਤੀ 100 ਦੇ ਪਾਰ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਲਗਾਤਾਰ ਹੋ ਰਹੇ ਹਮਲਿਆਂ ਕਾਰਨ ਇਲਾਕੇ 'ਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਮੁਹੱਬਤ ਨਗਰ ਵਾਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਤਿੰਨ ਤੋਂ ਚਾਰ ਲੋਕ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਟਿਊਸ਼ਨ ਜਾਣ ਵਾਲੇ ਬੱਚੇ, ਕੰਮ 'ਤੇ ਜਾਣ ਵਾਲੀਆਂ ਔਰਤਾਂ ਤੇ ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਹਨ। ਕਈ ਮਾਪਿਆਂ ਨੇ ਬੱਚਿਆਂ ਦੀ ਟਿਊਸ਼ਨ ਬੰਦ ਕਰ ਦਿੱਤੀ ਹੈ ਕਿਉਂਕਿ ਰਸਤਿਆਂ 'ਚ ਝੁੰਡ ਬਣਾ ਕੇ ਘੁੰਮ ਰਹੇ ਕੁੱਤੇ ਅਚਾਨਕ ਹਮਲਾ ਕਰ ਦਿੰਦੇ ਹਨ।
ਹਾਲ ਹੀ 'ਚ ਇਕ ਛੋਟੀ ਬੱਚੀ ਨੂੰ ਟਿਊਸ਼ਨ ਜਾਂਦੇ ਸਮੇਂ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ। ਬੱਚੀ ਦੇ ਸਰੀਰ 'ਤੇ ਡੂੰਘੇ ਜ਼ਖ਼ਮ ਹੋਏ ਜਿਨ੍ਹਾਂ ਨੂੰ ਭਰਨ ਵਿਚ ਕਾਫ਼ੀ ਸਮਾਂ ਲੱਗਾ। ਇਸ ਤੋਂ ਬਾਅਦ ਇਲਾਕੇ 'ਚ ਡਰ ਹੋਰ ਵਧ ਗਿਆ। ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ 'ਚ ਐਂਟੀ-ਰੈਬੀਜ਼ ਇੰਜੈਕਸ਼ਨ ਲਗਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਲਾਕਾ ਨਿਵਾਸੀ ਅਮਰੀਕ ਕੌਰ ਨੇ ਦੱਸਿਆ ਕਿ ਉਹ ਸਵੇਰੇ ਦੁੱਧ ਲੈਣ ਜਾ ਰਹੀ ਸੀ, ਤਦ ਗਲੀ 'ਚ ਬੈਠੇ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਰੌਲਾ ਪਾਉਣ 'ਤੇ ਗੁਆਂਢੀ ਨਿਕਲੇ ਤੇ ਉਨ੍ਹਾਂ ਨੇ ਉਸ ਦਾ ਬਚਾਅ ਕੀਤਾ। ਲਕਸ਼ਮੀ ਨੇ ਕਿਹਾ ਕਿ ਕੰਮ 'ਤੇ ਜਾਂਦੇ ਸਮੇਂ ਕੁੱਤਿਆਂ ਨੇ ਪਿੱਛਿਓਂ ਵੱਢ ਲਿਆ ਜਿਸ ਤੋਂ ਬਾਅਦ ਹਸਪਤਾਲ ਵਿੱਚ ਇੰਜੈਕਸ਼ਨ ਲਗਵਾਉਣੇ ਪਏ।
ਰਜਨੀ ਅਨੁਸਾਰ ਬਾਜ਼ਾਰ ਤੋਂ ਵਾਪਸੀ ਵੇਲੇ ਕੁੱਤਿਆਂ ਨੇ ਘੇਰ ਲਿਆ ਤੇ ਪੈਰ 'ਤੇ ਵੱਢ ਲਿਆ। ਪੱਲਵੀ ਨੇ ਦੱਸਿਆ ਕਿ ਉਸ ਦੇ ਛੋਟੇ ਬੇਟੇ ਨੂੰ ਗਲੀ 'ਚ ਖੇਡਦੇ ਸਮੇਂ ਕੁੱਤੇ ਨੇ ਵੱਢ ਲਿਆ। ਹੇਮਾ ਤੇ ਸੀਮਾ ਨੇ ਕਿਹਾ ਕਿ ਸਵੇਰੇ ਕੰਮ 'ਤੇ ਨਿਕਲਣਾ ਹੁਣ ਡਰਾਉਣਾ ਹੋ ਗਿਆ ਹੈ। ਤਨਿਸ਼ਕ ਨੇ ਦੱਸਿਆ ਕਿ ਟਿਊਸ਼ਨ ਜਾਂਦੇ ਸਮੇਂ ਕੁੱਤੇ ਨੇ ਉਸ ਨੂੰ ਸੁੱਟ ਦਿੱਤਾ। ਊਸ਼ਾ ਰਾਣੀ ਨੇ ਕਿਹਾ ਕਿ ਬਜ਼ੁਰਗ ਹੋਣ ਕਾਰਨ ਉਹ ਭੱਜ ਨਹੀਂ ਸਕੀ ਅਤੇ ਕੁੱਤੇ ਨੇ ਉਸ ਦੇ ਪੈਰ 'ਤੇ ਵੱਢ ਲਿਆ।
ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਨੇ ਨਿਗਮ ਅਧਿਕਾਰੀਆਂ ਤੋਂ ਕੁੱਤਿਆਂ ਨੂੰ ਫੜਨ ਦੀ ਮੰਗ ਕੀਤੀ, ਪਰ ਹਾਲਾਤ 'ਚ ਸੁਧਾਰ ਨਹੀਂ ਹੋ ਰਿਹਾ। ਸਥਾਨਕ ਲੋਕਾਂ ਨੇ ਕਈ ਪਸ਼ੂ ਭਲਾਈ ਸੰਸਥਾਵਾਂ ਨਾਲ ਵੀ ਸੰਪਰਕ ਕੀਤਾ, ਪਰ ਜਵਾਬ ਮਿਲਿਆ ਕਿ ਉਹ ਕੇਵਲ ਜ਼ਖ਼ਮੀ ਜਾਂ ਬਿਮਾਰ ਕੁੱਤਿਆਂ ਨੂੰ ਹੀ ਸ਼ੈਲਟਰ ਵਿੱਚ ਰੱਖਦੇ ਹਨ। ਵੱਢਣ ਵਾਲੇ ਹਿੰਸਕ ਕੁੱਤਿਆਂ ਨੂੰ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ।
ਸਥਿਤੀ ਨੂੰ ਗੰਭੀਰ ਦੇਖਦੇ ਹੋਏ ਮੁਹੱਲਾ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਮੰਗ ਪੱਤਰ ਸੌਂਪਿਆ ਹੈ ਤੇ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਦੂਜੇ ਪਾਸੇ, ਮਾਮਲੇ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ।