ਅਵਾਰਾ ਪਸ਼ੂ ਬਣੇ ਹਾਦਸਿਆਂ ਦਾ ਕਾਰਣ, ਪ੍ਰਸ਼ਾਸਨ ’ਤੇ ਉੱਠ ਰਹੇ ਸਵਾਲ
ਸੁਲਤਾਨਪੁਰ ਲੋਧੀ ਦੀਆਂ ਸੜਕਾਂ ਤੇ ਅਵਾਰਾ ਪਸ਼ੂ ਬਣੇ ਹਾਦਸਿਆਂ ਦਾ ਕਾਰਣ, ਪ੍ਰਸ਼ਾਸਨ ‘ਤੇ ਉੱਠ ਰਹੇ ਸਵਾਲ
Publish Date: Tue, 21 Apr 2026 10:00 PM (IST)
Updated Date: Tue, 21 Apr 2026 10:04 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਵੱਖ-ਵੱਖ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂ ਹੁਣ ਲੋਕਾਂ ਲਈ ਵੱਡੀ ਮੁਸੀਬਤ ਬਣ ਚੁੱਕੇ ਹਨ। ਹਰ ਰੋਜ਼ ਕਈ ਥਾਵਾਂ ’ਤੇ ਇਨ੍ਹਾਂ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਵਿੱਚ ਕਈ ਲੋਕ ਜ਼ਖ਼ਮੀ ਹੋ ਰਹੇ ਹਨ ਤੇ ਕਈਆਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਰਾਤ ਸਮੇਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ, ਜਦੋਂ ਸੜਕਾਂ ’ਤੇ ਅਚਾਨਕ ਆਉਣ ਵਾਲੇ ਪਸ਼ੂ ਵਾਹਨ ਚਾਲਕਾਂ ਲਈ ਖਤਰਾ ਬਣ ਜਾਂਦੇ ਹਨ। ਸੁਲਤਾਨਪੁਰ ਲੋਧੀ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਅਤੇ ਸੰਬੰਧਤ ਵਿਭਾਗ ਇਸ ਗੰਭੀਰ ਮਸਲੇ ਵੱਲੋਂ ਅੱਖਾਂ ਬੰਦ ਕਰ ਕੇ ਬੈਠੇ ਹਨ। ਲੋਕਾਂ ਵੱਲੋਂ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ ਇਕੱਠਾ ਕੀਤਾ ਜਾਣ ਵਾਲਾ ਗਊ ਸੈੱਸ ਆਖ਼ਰ ਕਿੱਥੇ ਅਤੇ ਕਿਵੇਂ ਖਰਚ ਕੀਤਾ ਜਾ ਰਿਹਾ ਹੈ, ਜਦੋਂ ਕਿ ਜ਼ਮੀਨੀ ਹਕੀਕਤ ਵਿੱਚ ਕੋਈ ਸੁਧਾਰ ਨਹੀਂ ਦਿਸ ਰਿਹਾ।
ਇਸ ਸਬੰਧੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਈਓ ਬਲਜੀਤ ਸਿੰਘ ਬਿਲਗਾ ਨੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਅਵਾਰਾ ਪਸ਼ੂਆਂ ਨੂੰ ਅਸੀਂ ਪਿੰਡ ਕਮਾਲਪੁਰ ਮੋਠਾਂਵਾਲਾ ਵਿਖੇ ਗਊਸ਼ਾਲਾ ਵਿਖੇ ਭੇਜ ਦਿੰਦੇ ਹਾਂ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਦਾਣਾ ਮੰਡੀ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਅਵਾਰਾ ਪਸ਼ੂਆਂ ਨੂੰ ਰੋਜ਼ਾਨਾ ਸੜਕਾਂ ’ਤੇ ਘੁੰਮਦੇ ਆਮ ਵੇਖਿਆ ਜਾਂਦਾ ਹੈ ਤਾਂ ਇਸ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਇਹ ਉਹ ਅਵਾਰਾ ਪਸ਼ੂ ਹੁੰਦੇ ਹਨ ਜਿਹਨਾਂ ਨੂੰ ਪਸ਼ੂ ਪਾਲਕਾਂ ਵਲੋਂ ਰਾਤ ਦੇ ਹਨੇਰੇ ਵਿੱਚ ਛੱਡਿਆ ਜਾਂਦਾ ਹੈ ਅਤੇ ਨਗਰ ਕੌਸ਼ਲ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਗਊਸ਼ਾਲਾ ਵਿਖੇ ਭੇਜ ਦਿੱਤਾ ਜਾਂਦਾ ਹੈ।
ਪਰੰਤੂ ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਜਦੋਂ ਤੱਕ ਮੌਕੇ ’ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਸਮੱਸਿਆ ਜਿਵੇਂ ਦੀ ਤਿਵੇਂ ਹੀ ਰਹੇਗੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਅਵਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ।