ਸੰਗਰਾਦ ਮੌਕੇ ਅੰਮ੍ਰਿਤ ਬਾਣੀ ਪਾਠ ਦੇ ਪਾਏ ਭੋਗ
ਖੋਜੇਵਾਲ ਵਿੱਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋ ਸੰਗਰਾਦ ਮੌਕੇ ਅੰਮ੍ਰਿਤ ਬਾਣੀ ਪਾਠ ਦੇ ਭੋਗ ਪਾਏ
Publish Date: Sun, 17 May 2026 08:40 PM (IST)
Updated Date: Sun, 17 May 2026 08:42 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਸਭਾ ਵੱਲੋਂ ਸੰਗਰਾਂਦ ਦੇ ਪਾਵਨ ਮੌਕੇ ਅੰਮ੍ਰਿਤ ਬਾਣੀ ਪਾਠ ਦੇ ਭੋਗ ਸ਼ਰਧਾ ਅਤੇ ਭਾਵਨਾ ਨਾਲ ਪਾਏ ਗਏ। ਇਸ ਧਾਰਮਿਕ ਸਮਾਗਮ ’ਚ ਪਿੰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਅਤੇ ਗੁਰੂ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਹੋਈ, ਜਿੱਥੇ ਗ੍ਰੰਥੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਅੰਮ੍ਰਿਤ ਬਾਣੀ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕਰ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਗੁਰੂ ਜੀ ਦੇ ਉਪਦੇਸ਼ਾਂ ’ਤੇ ਚੱਲਣ ਅਤੇ ਸਮਾਜ ਵਿੱਚ ਭਾਈਚਾਰੇ, ਸਮਾਨਤਾ ਅਤੇ ਸੱਚਾਈ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਸਭਾ ਦੇ ਪ੍ਰਧਾਨ ਮਾਸਟਰ ਗੁਰਮੇਜ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਨੁੱਖਤਾ ਨੂੰ ਇਕਤਾ, ਮਿਹਨਤ ਅਤੇ ਨਾਮ ਸਿਮਰਨ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਆਪਣੀ ਆਤਮਿਕ ਜ਼ਿੰਦਗੀ ਨੂੰ ਮਜ਼ਬੂਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਸਤਮਾਰਗ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਂਦੇ ਰਹਿਣਗੇ। ਸਮਾਗਮ ਦੇ ਅੰਤ ਵਿੱਚ ਸੰਗਤ ਲਈ ਕੜਾ ਪ੍ਰਸ਼ਾਦ ਕੌਫੀ ਅਤੇ ਮਠਿਆਈ ਆਦਿ ਦੇ ਲੰਗਰ ਅਤੁੱਟ ਵਰਤਾਏ ਗਏ, ਜਿਸ ਵਿੱਚ ਸੰਗਤ ਨੇ ਪੰਗਤ ਵਿੱਚ ਬੈਠ ਕੇ ਪ੍ਰਸਾਦ ਛਕਿਆ। ਇਸ ਮੌਕੇ ਗੁਰਮੇਜ ਸਿੰਘ ਪਵਾਰ, ਪ੍ਰੇਮ ਲਾਲ, ਗੁਰਮੀਤ ਲਾਲ, ਸ਼ਨੀ ਪਵਾਰ, ਪਲਵਿੰਦਰ ਪਾਲ, ਗੁਰਦੇਵ ਸਿੰਘ, ਜਸਵਿੰਦਰ ਕਰੜਾ, ਬਾਬਾ ਤੀਰਥ ਨਾਥ, ਅਮਰਜੀਤ ਕਰੜਾ, ਮਨੀ ਪਵਾਰ, ਮੋਹਿਤ ਕਰੜਾ, ਅਜੇ ਕਰੜਾ, ਹਨੀ ਪਵਾਰ, ਮੁਲਖ ਰਾਜ ਪਵਾਰ, ਪ੍ਰੀਤ ਕਰੜਾ, ਦੀਪਕ ਕਰੜਾ, ਭਜਨ ਲਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।