ਫਗਵਾੜਾ ਤੋਂ ਗੁਰਸਿੱਖ ਨੌਜਵਾਨ ਹੋਵੇਗਾ ਉਮੀਦਵਾਰ : ਡਾ. ਜੱਖੂ
ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਸਿੱਖ ਨੌਜਵਾਨ ਚਿਹਰਾ ਉਤਾਰਣ ਦਾ ਅੇਲਾਨ,ਡਾ: ਜੱਖੂ
Publish Date: Tue, 21 Apr 2026 08:08 PM (IST)
Updated Date: Tue, 21 Apr 2026 08:10 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਅੰਦਰ 2027 ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਵੱਖੋ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਸਬ-ਡਿਵੀਜ਼ਨ ਫਗਵਾੜਾ ਹੌਟ-ਸਪਾਟ ਬਣਦਾ ਜਾ ਰਿਹਾ ਹੈ, ਜਿਸ ਵਿਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਉਤਾਰਣ ਲਈ ਤਿਆਰੀ ਖਿੱਚ ਲਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਫਗਵਾੜਾ ਹਲਕੇ ਤੋਂ ਇਕ ਪੜਿਆ-ਲਿਖਿਆ, ਇਮਾਨਦਾਰ ਤੇ ਸੂਝਵਾਨ ਗੁਰਸਿੱਖ ਨੌਜਵਾਨ ਚਿਹਰਾ ਮੈਦਾਨ ਵਿਚ ਉਤਾਰਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਸਪੋਕਸਪਰਸਨ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਪਾਰਟੀ ਹਮੇਸ਼ਾ ਸਾਫ਼-ਸੁਥਰੀ ਛਵੀ ਤੇ ਲੋਕ ਸੇਵਾ ਲਈ ਸਮਰਪਿਤ ਉਮੀਦਵਾਰਾਂ ਨੂੰ ਤਰਜੀਹ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਹਲਕੇ ਦੇ ਲੋਕ ਇਕ ਇਮਾਨਦਾਰ ਤੇ ਮਿਹਨਤੀ ਅਗਵਾਈ ਦੀ ਉਡੀਕ ਕਰ ਰਹੇ ਹਨ ਤੇ ਇਸ ਵਾਰ ਪਾਰਟੀ ਵੱਲੋਂ ਵੀ ਅਜਿਹਾ ਹੀ ਉਮੀਦਵਾਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡਾ. ਜੱਖੂ ਨੇ ਦੱਸਿਆ ਕਿ ਉਮੀਦਵਾਰ ਦਾ ਨਾਮ ਜਲਦ ਹੀ ਅਧਿਕਾਰਿਕ ਤੌਰ ‘ਤੇ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ ਤੇ ਪਾਰਟੀ ਇਸ ਦਿਸ਼ਾ ਵਿਚ ਵਚਨਬੱਧ ਹੈ। ਉਮੀਦਵਾਰ ਦੀ ਚੋਣ ਕਰਦੇ ਸਮੇਂ ਉਸ ਦੀ ਸਿੱਖਿਆ, ਇਮਾਨਦਾਰੀ, ਸਮਾਜ ਸੇਵਾ ਤੇ ਲੋਕਾਂ ਨਾਲ ਜੁੜਾਅ ਨੂੰ ਮੁੱਖ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਪਾਰਟੀ ਵਰਕਰਾਂ ਵਿਚ ਇਸ ਐਲਾਨ ਤੋਂ ਬਾਅਦ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਇਹ ਫੈਸਲਾ ਜ਼ਮੀਨੀ ਪੱਧਰ ‘ਤੇ ਵੱਡਾ ਪ੍ਰਭਾਵ ਛੱਡੇਗਾ।