ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ ਕਰਨਾ ਸ਼ਲਾਘਾਯੋਗ ਉਪਰਾਲਾ : ਡਾ. ਗਗਨਦੀਪ
ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਸਾਫ ਕਰਨਾ ਸ਼ਲਾਘਾਯੋਗ ਉਪਰਾਲਾ : ਡਾ ਗਗਨਦੀਪ
Publish Date: Tue, 28 Apr 2026 08:19 PM (IST)
Updated Date: Tue, 28 Apr 2026 08:22 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੇਵਾ ਨੇ ਵਾਤਾਵਰਣ ਪ੍ਰਤੀ ਲੋਕ ਮਨਾਂ ਵਿਚ ਵੱਡੀ ਚੇਤਨਾ ਪੈਦਾ ਕੀਤੀ ਹੈ ਤੇ ਇਹ ਹੁਣ ਸਮੁੱਚੇ ਦੇਸ਼ ਅੰਦਰ ਇਕ ਜਾਗਰੂਕਤਾ ਲਹਿਰ ਬਣ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੁੱਢੇ ਦਰਿਆ ਦੀ ਸ਼ੁਰੂ ਕੀਤੀ ਕਾਰ ਸੇਵਾ ਰੰਗ ਲਿਆਵੇਗੀ। ਜਿਵੇਂ ਉਨ੍ਹਾਂ ਨੇ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈ ਨੂੰ ਸਾਫ਼ ਕੀਤਾ ਹੈ, ਉਸੇ ਤਰ੍ਹਾਂ ਬੁੱਢੇ ਦਰਿਆ ਨੂੰ ਵੀ ਨਿਰਮਲ ਵਗਣ ਲਾ ਦੇਣਗੇ। ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੇ ਪੰਜਾਬ ਵਿਚ ਵਾਤਾਵਰਣ ਦੇ ਭੱਖਦੇ ਮਾਮਲੇ ਨੂੰ ਕੇਂਦਰ ਬਿੰਦੂ ‘ਚ ਲੈ ਆਂਦਾ ਹੈ, ਤੇ ਲੋਕਾਂ ਅੱਗੇ ਇਕ ਸਵਾਲ ਖੜ੍ਹਾ ਕੀਤਾ ਹੈ ਕਿ ਜੇਕਰ ਲੋਕਾਂ ਦੀ ਸ਼ਾਮੂਲੀਅਤ ਨਾਲ ਇਸ ਨਦੀ ਨੂੰ ਸਾਫ ਕੀਤਾ ਜਾ ਸਕਦਾ ਹੈ ਤਾਂ ਦੇਸ਼ ਦੀਆਂ ਬਾਕੀ ਨਦੀਆਂ ਨੂੰ ਕਿਉਂ ਨਹੀ? ਡਾ. ਗਗਨਦੀਪ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਦਮ ਸ਼੍ਰੀ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹੋਰ ਅਧਿਕਾਰੀਆਂ ਨਾਲ ਬੁੱਢੇ ਦਰਿਆ ਦੀ ਸਾਫ ਸਫਾਈ ਤੇ ਰੱਖ-ਰਖਾਅ ਸਬੰਧੀ ਕੀਤੀ ਮੀਟਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਪ੍ਰਤੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਸੁਚੇਤ ਹੈ ਤੇ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੋਂ ਪੰਜਾਬ ਦੇ ਹਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਦਰਿਆ ਤੇਜ਼ੀ ਨਾਲ ਪ੍ਰਦੂਸ਼ਿਤ ਤੇ ਸੁੱਕ ਰਹੇ ਹਨ। ਪੰਜਾਬ ਦੀ ਹਵਾ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਸੰਗਤਾਂ ਦੇ ਸਹਿਯੋਗ ਨਾਲ ਵੇਈਂ ਨਦੀ ਨੂੰ ਬਹਾਲ ਕਰਨ ਵਿਚ ਸੰਤ ਸੀਚੇਵਾਲ ਦੀ ਅਗਵਾਈ ਵਾਤਾਵਰਣ ਸੰਭਾਲ ਦਾ ਪ੍ਰਤੀਕ ਬਣੀ ਹੋਈ ਹੈ ਤੇ ਬਾਬੇ ਨਾਨਕ ਦੀ ਵੇਈਂ ਨਦੀਆਂ ਤੇ ਦਰਿਆਵਾਂ ਦੀ ਮੁੜ ਸੁਰਜੀਤੀ ਦੀ ਮਿਸਾਲ ਬਣੀ। ਉਨ੍ਹਾਂ ਸੰਤ ਸੀਚੇਵਾਲ ਦੀ ਲੋਕ ਭਲਾਈ ਤੇ ਵਾਤਾਵਰਣ ਦੀ ਸੰਭਾਲ ਲਈ ਅਟੱਲ ਸਮਰਪਣ, ਖਾਸ ਤੌਰ ਤੇ ਕਾਰ ਸੇਵਾ ਰਾਹੀਂ ਵੇਈਂ ਨਦੀ, ਬੁੱਢਾ ਦਰਿਆ ਨੂੰ ਸੁਰਜੀਤ ਕਰਨ, ਦੇਸ਼ ਅੰਦਰ ਲੱਖਾਂ ਬੂਟੇ ਲਗਾ ਕੇ ਹਰਿਆਲੀ ਪੈਦਾ ਕਰਨ ਵਿਚ ਕੀਤੇ ਮਹੱਤਵਪੂਰਨ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੰਤ ਸੀਚੇਵਾਲ ਵੱਲੋਂ ਵਿੱਢੀ ਹੋਈ ਮੁਹਿੰਮ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ।