ਹੜ੍ਹ ਪੀੜ੍ਹਤ ਮੰਡ ਇਲਾਕੇ ਲਈ ਸੰਤ ਸੀਚੇਵਾਲ ਵੱਲੋਂ ਦੋ ਮੋਟਰ ਬੋਟਾਂ ਦਿੱਤੀਆਂ

ਰਾਮਪੁਰਾ ਗੌਰਾ ਪਿੰਡ ’ਚ ਅਜੇ ਵੀ ਬਿਆਸ ਦਰਿਆ ਮਚਾ ਰਿਹਾ ਤਬਾਹੀ
ਸੰਤਾਂ ਨੇ ਹੜ੍ਹ ਪੀੜਤ ਪਿੰਡਾਂ ਲਈ ਦਿੱਤੀਆਂ ਮੋਟਰ ਬੋਟ ਤੇ ਪਾਣੀ ਵਾਲੀਆਂ ਟੈਂਕੀਆਂ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੇ ਪਿੰਡ ਰਾਮਪੁਰਾ ਗੌਰਾ ਵਿਚ ਬਿਆਸ ਦਰਿਆ ਦੀ ਮਾਰ ਅਜੇ ਤੱਕ ਜਾਰੀ ਹੈ। ਦਰਿਆ ਦੇ ਵਹਾਅ ਕਾਰਨ ਇਥੇ ਇਕ ਘਰ ਨੂੰ ਅਜੇ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਦੋ ਮੋਟਰ ਬੋਟ ਪਿੰਡ ਰਾਮਪੁਰਾ ਗੌਰਾ ਤੇ ਬਾਊਪੁਰ ਜਦੀਦ ਦੀਆਂ ਪੰਚਾਇਤਾਂ ਨੂੰ ਸੌਂਪੀਆਂ। ਮੋਟਰ ਬੋਟਾਂ ਸੌਂਪਦੇ ਹੋਏ ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਮੰਡ ਇਲਾਕੇ ਦੇ ਪਿੰਡਾਂ ਨੂੰ ਪਾਣੀ ਦੀਆਂ ਟੈਂਕੀਆਂ ਤੇ ਮੋਟਰ ਬੋਟਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਆਹਲੀ ਕਲਾਂ ਅਤੇ ਸਾਂਗਰਾ ਪਿੰਡਾਂ ਨੂੰ ਵੀ ਮੋਟਰ ਬੋਟ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਦੇ ਵਹਾਅ ਵਿਚ ਆਏ ਬਦਲਾਅ ਕਾਰਨ ਪਿੰਡ ਰਾਮਪੁਰਾ ਗੌਰਾ ਦੇ ਕਰੀਬ 10 ਘਰਾਂ ਨੂੰ ਭਾਰੀ ਢਾਅ ਲੱਗੀ ਸੀ, ਜਦਕਿ ਇਕ ਘਰ ਅਜੇ ਵੀ ਦਰਿਆ ਦੀ ਮਾਰ ਹੇਠ ਹੈ। ਦਰਿਆ ਦਾ ਸ਼ੂਕਦਾ ਪਾਣੀ ਉਸ ਘਰ ਦੇ ਵਿਹੜੇ ਵਿਚੋਂ ਲੰਘ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਪਿੰਡ ਰਾਮਪੁਰਾ ਗੌਰਾ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਬਾਊਪੁਰ ਜਦੀਦ ਦੇ ਪੰਚਾਂ ਨੇ ਮੋਟਰ ਬੋਟ ਮਿਲਣ ’ਤੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਦੋਵੇਂ ਪਿੰਡਾਂ ਦੇ ਮੋਹਤਬਰਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਸਭ ਤੋਂ ਵੱਧ ਮਦਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਤੇ ਅਜੇ ਵੀ ਉਹ ਲਗਾਤਾਰ ਖੇਤਾਂ ਨੂੰ ਪੱਧਰਾ ਕਰਨ ਤੇ ਇਲਾਕੇ ਦੀ ਸੇਵਾ ਵਿਚ ਜੁਟੇ ਹੋਏ ਹਨ। ਮੋਟਰ ਬੋਟ ਸੌਂਪਣ ਸਮੇਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਨ੍ਹਾਂ ਪਿੰਡਾਂ ਨੂੰ ਕਿਸ਼ਤੀਆਂ ਦੇਣਾ ਵੱਡਾ ਸਹਿਯੋਗ ਹੈ। ਉਨ੍ਹਾਂ ਦੱਸਿਆ ਕਿ ਬਿਆਸ ਨਾਲ ਜੁੜੇ ਇਸ ਇਲਾਕੇ ਵਿਚ ਹੜ੍ਹਾਂ ਦੌਰਾਨ ਭਾਰੀ ਨੁਕਸਾਨ ਹੋਇਆ ਸੀ ਤੇ ਪ੍ਰਸ਼ਾਸਨ ਸੰਤ ਸੀਚੇਵਾਲ ਦੀ ਅਗਵਾਈ ਹੇਠ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਰਸੇਵਾ ਦੇ ਕੰਮ ਅਜੇ ਵੀ ਜਾਰੀ ਹਨ। ਇਸ ਦੌਰਾਨ ਬੀਡੀਪੀਓ ਦਫਤਰ ਦੇ ਅਧਿਕਾਰੀ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਨ੍ਹਾਂ ਕਿਸ਼ਤੀਆਂ ਲਈ ਮੁੰਬਈ ਤੋਂ ਆਏ ਇੰਜੀਨੀਅਰਾਂ ਨੇ ਪੰਚਾਇਤਾਂ ਨੂੰ ਨਾਲ ਲੈ ਕੇ ਪਵਿੱਤਰ ਕਿਨਾਰੇ ਪਹਿਲਾਂ ਇਸਦਾ ਟਰਾਇਲ ਕਰਵਾਇਆ ਤੇ ਇਸ ਬਾਰੇ ਸਿਖਲਾਈ ਦਿੱਤੀ, ਜਿਸਤੋਂ ਬਾਅਦ ਇਨ੍ਹਾਂ ਕਿਸ਼ਤੀਆਂ ਨੂੰ ਪੰਚਾਇਤਾਂ ਦੇ ਸੁਪਰਦ ਕੀਤਾ ਗਿਆ।
ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਗਾਤਾਰ ਸੇਵਾ ਕਰ ਰਹੇ ਸੰਤ ਸੀਚੇਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਫਸਲਾਂ ਤਬਾਹ ਹੋਣ ਨਾਲ ਨਾਲ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣੀਆਂ ਵੀ ਮੁਸ਼ਕਲ ਹੋ ਗਈਆਂ ਹਨ। ਸੰਤ ਸੀਚੇਵਾਲ ਨੇ ਦੋ ਬੱਚਿਆਂ ਦੀਆਂ ਪੰਜ ਮਹੀਨਿਆਂ ਦੀ ਸਕੂਲੀ ਫੀਸ ਅਦਾ ਕਰਦਿਆਂ ਕਿਹਾ ਕਿ ਮੰਡ ਇਲਾਕੇ ਵਿਚ ਅਜੇ ਵੀ ਕਈ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਫੀਸਾਂ ਲਈ ਸਹਾਇਤਾ ਦੀ ਲੋੜ ਹੈ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹਾਂ ਦੌਰਾਨ ਵੱਡੇ ਪੱਧਰ ’ਤੇ ਮਦਦ ਕੀਤੀ। ਉਨ੍ਹਾਂ ਕਿਹਾ ਕਿ ਮੰਡ ਇਲਾਕੇ ਨੂੰ ਅਜੇ ਵੀ ਮਦਦ ਦੀ ਸਖ਼ਤ ਲੋੜ ਹੈ।