ਸਾਂਝਾ ਅਧਿਆਪਕ ਮੋਰਚਾ ਨੇ ਕੀਤਾ 4161 ਅਧੀਨ ਭਰਤੀ ਅਧਿਆਪਕਾਂ ਦਾ ਸਮਰਥਨ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ 4161 ਅਧੀਨ ਭਰਤੀ ਅਧਿਆਪਕਾਂ ਦੇ ਸਮਰਥਨ ਦਾ ਐਲਾਨ।
Publish Date: Thu, 07 May 2026 10:09 PM (IST)
Updated Date: Thu, 07 May 2026 10:11 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂ ਗਣੇਸ਼ ਭਗਤ, ਦਲਜੀਤ ਸਿੰਘ ਸੈਣੀ, ਜਸਬੀਰ ਹਰਪਾਲ, ਸਤਵਿੰਦਰ ਸਿੰਘ ਟੂਰਾ, ਜਸਵੀਰ ਭੰਗੂ, ਪਰਮਿੰਦਰ ਪਾਲ ਸਿੰਘ, ਗੁਰਮੁਖ ਸਿੰਘ, ਗੌਰਵ ਰਾਠੌਰ ਆਦਿ ਨੇ 4161 ਭਰਤੀ ਅਧੀਨ ਤਿੰਨ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਰਿਜ਼ਲਟ ਰਿਵਾਈਜ਼ ਹੋਣ ਕਰਕੇ ਨੌਕਰੀ ਤੋਂ ਬਾਹਰ ਕੀਤੇ ਜਾਣ ਵਾਲੇ ਅਧਿਆਪਕਾਂ ਦਾ ਡਟ ਕੇ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਵੱਲੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਜਦੋਂ ਇਕ 4161 ਅਧਿਆਪਕਾਂ ਦੀਆਂ ਅਸਾਮੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਉਸ ਸਮੇਂ ਉਮੀਦਵਾਰਾਂ ਨੇ ਜੋ ਅੰਕ ਪ੍ਰਾਪਤ ਕੀਤੇ ਸਨ ਕੁਝ ਸਮੇਂ ਬਾਅਦ ਕਿਸੇ ਕੇਸ ਨਾਲ ਸਬੰਧਤ ਹੋਣ ਕਰਕੇ ਇਨ੍ਹਾਂ ਦੇ ਨਤੀਜੇ ਰੀਵਾਈਜ਼ ਕੀਤੇ ਗਏ, ਜਿਸ ਨਾਲ ਪ੍ਰਾਪਤ ਅੰਕਾਂ ਵਿਚ ਵਾਧਾ ਹੋ ਗਿਆ। ਹੁਣ ਦੁਬਾਰਾ ਫਿਰ ਵਿਭਾਗ ਵੱਲੋਂ ਰਿਜ਼ਲਟ ਰੀਵਾਈਜ਼ ਕੀਤਾ ਗਿਆ, ਜਿਸ ਵਿਚ ਅੰਕ ਘੱਟ ਗਏ ਤੇ ਲਗਪਗ ਤਿੰਨ ਸਾਲਾਂ ਬਾਅਦ ਇਨ੍ਹਾਂ ਨੂੰ ਵਿਭਾਗ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਹੀ ਬੇਇਨਸਾਫ਼ੀ ਹੈ, ਜਦੋਂ ਤਿੰਨ ਸਾਲਾਂ ਤੋਂ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਦੁਬਾਰਾ ਬੇਰੁਜ਼ਗਾਰੀ ਦੇ ਹਨੇਰੇ ਵੱਲ ਧੱਕਿਆ ਜਾ ਰਿਹਾ ਹੈ, ਜਦਕਿ ਭਰਤੀ ਵਿਚ ਮੈਰਿਟ ਤਿਆਰ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਪੀੜਤ ਅਧਿਆਪਕਾਂ ਦੇ ਹੱਕ ਵਿਚ ਨਿਤਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਿਸੇ ਵੀ 4161 ਅਧਿਆਪਕ ਨਾਲ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸਾਂਝਾ ਅਧਿਆਪਕ ਮੋਰਚਾ ਤਿੱਖਾ ਸੰਘਰਸ਼ ਕਰੇਗਾ। ਉਨ੍ਹਾਂ ਸਕੂਲ ਮੁਖੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਕਾਹਲ ਨਾ ਦਿਖਾਉਣ ਤੇ ਪੀੜਤ ਅਧਿਆਪਕਾਂ ਦਾ ਸਾਥ ਦੇਣ।