ਚੀਮਾ ਨੇ ਬਰਸਾਤੀ ਡਰੇਨ ਦੀ ਪੁਲੀ ’ਤੇ ਕੰਮ ਸ਼ੁਰੂ ਕਰਵਾਇਆ
ਪਿੰਡ ਦਰੀਏਵਾਲ ਨੇੜੇ ਬਰਸਾਤੀ ਡਰੇਨ ਤੇ ਬਣਨ ਵਾਲੀ ਪੁਲੀ ਦੀ ਸੱਜਣ ਸਿੰਘ ਚੀਮਾ ਨੇ ਸ਼ੁਰੂਆਤ ਕਰਵਾਈ
Publish Date: Sun, 03 May 2026 09:23 PM (IST)
Updated Date: Sun, 03 May 2026 09:26 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਦਰੀਏਵਾਲ ਤੋਂ ਸਾਬੂਵਾਲ ਨੂੰ ਜਾਣ ਵਾਲੀ ਸੜਕ ਉੱਪਰ ਬਰਸਾਤੀ ਡਰੇਨ ’ਤੇ ਬਣੀ ਪੁਲੀ ਜੋ ਕਿ ਪਿਛਲੇ ਸਮੇਂ ਦੌਰਾਨ ਢਹਿ ਗਈ ਸੀ ਤੇ ਜਿਸ ਕਾਰਨ ਇਲਾਕ਼ਾ ਨਿਵਾਸੀਆਂ ਨੂੰ ਕਪੂਰਥਲਾ ਵਾਲੇ ਪਾਸੇ ਜਾਣ ਲਈ ਵੱਡੀ ਦਿੱਕਤ ਆ ਰਹੀ ਸੀ। ਇਲਾਕਾ ਨਿਵਾਸੀਆਂ ਦੀ ਦਿੱਕਤ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਨਿੱਜੀ ਦਿਲਚਸਪੀ ਲੈਂਦਿਆਂ ਨਵੀਂ ਪੁਲੀ ਮਨਜ਼ੂਰ ਕਰਵਾ ਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤੇ। ਇਸ ਮੌਕੇ ਪਿੰਡ ਦਰੀਏਵਾਲ ਦੇ ਸਰਪੰਚ ਬਲਜਿੰਦਰ ਸਿੰਘ ਪਾਲਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਬਲਾਕ ਅੰਦਰ ਸਾਰੀਆਂ ਸੜਕਾਂ ਉੱਪਰ ਪ੍ਰੀਮਿਕਸ ਪਾਇਆ ਜਾ ਰਿਹਾ ਹੈ ਤੇ ਨਵੀਆਂ ਸੜਕਾਂ ਮਨਜ਼ੂਰ ਕਰਵਾ ਕੇ ਉਨ੍ਹਾਂ ਦਾ ਕੰਮ ਵੀ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਪਿੰਡ ’ਚ ਨਵੀਂ ਸੜਕ ਬਣਨ ਵਾਲੀ ਹੈ ਤਾਂ ਉਹ ਤਰੁੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਪੁਲੀ ਬਹੁਤ ਜਲਦੀ ਤਿਆਰ ਹੋ ਜਾਵੇਗੀ। ਉਨ੍ਹਾਂ ਨੇ ਦਰੀਏਵਾਲ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਆਪ ਆਗੂ ਤੇ ਸਰਪੰਚ ਬਲਜਿੰਦਰ ਸਿੰਘ ਪਾਲਾ ਨੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਇਸ ਪੁਲੀ ਦੇ ਨਿਰਮਾਣ ਕਾਰਜ ਸ਼ੁਰੂ ਹੋਏ ਹਨ। ਇਸ ਮੌਕੇ ਮੰਗਲ ਸਿੰਘ, ਸੀਤਲ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ ਰਾਣਾ, ਪੰਚ ਕੁਲਵਿੰਦਰ ਸਿੰਘ, ਪੰਚ ਬਲਵੀਰ ਸਿੰਘ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਸਾਬਕਾ ਸਰਪੰਚ, ਪੰਚ ਰਣਜੀਤ ਸਿੰਘ ਰਾਣਾ, ਸਾਬਕਾ ਸਰਪੰਚ ਚਰਨਜੀਤ ਕੌਰ, ਅਮ੍ਰਿਤ ਸਿੰਘ, ਮਨੀ ਦਰੀਏਵਾਲ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।