ਮਾਤਾ-ਪਿਤਾ ਦਾ ਸਤਿਕਾਰ ਰੱਬੀ ਰਹਿਮਤਾਂ ਪ੍ਰਾਪਤ ਕਰਨ ਵਾਂਗ : ਭਾਟੀਆ
ਮਾਤਾ ਪਿਤਾ ਦਾ ਸਤਿਕਾਰ ਰੱਬੀ ਰਹਿਮਤਾਂ ਪ੍ਰਾਪਤ ਕਰਨ ਬਰਾਬਰ -- ਭਾਟੀਆ
Publish Date: Sat, 09 May 2026 08:23 PM (IST)
Updated Date: Sat, 09 May 2026 08:24 PM (IST)

---10 ਮਈ, ਮਾਂ ਦਿਵਸ ਤੇ ਵਿਸ਼ੇਸ਼ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪ੍ਰਮਾਤਮਾ ਵੱਲੋਂ ਵਰਦਾਨ ਦੇ ਰੂਪ ਵਿਚ ਪ੍ਰਾਪਤ ਹੋਏ ਮਾਤਾ-ਪਿਤਾ ਆਪਣੀ ਔਲਾਦ ਲਈ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ ਹਨ। ਆਪਣੀ ਔਲਾਦ ਲਈ ਨਿਰਸੁਆਰਥ ਸੁਪਨਿਆਂ ਦੀ ਪੂਰਤੀ ਕਰਦਿਆਂ ਜੂਝਦੇ ਰਹਿਣਾ, ਧੁੱਪ ਛਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਅਣਗੌਲਿਆਂ ਕਰਦਿਆਂ, ਤਜਰਬਿਆਂ ਨੂੰ ਪਕੇਰਾ ਕਰਦਿਆਂ ਆਪਣੇ ਬੱਚਿਆਂ ਨੂੰ ਹਮੇਸ਼ਾ ਚੰਗੇਰੀ ਤੇ ਮਿਆਰੀ ਅਸੀਸ ਦਿੰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ, ਸਮਾਜ ਸੇਵੀ ਤੇ ਚੀਫ਼ ਆਰਗੇਨਾਈਜ਼ਰ, ਭਾਰਤੀ ਜੀਵਨ ਬੀਮਾ ਨਿਗਮ, ਕਪੂਰਥਲਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਅਸੀਂ ਸੁਣਦੇ ਤੇ ਪੜਦੇ ਵੀ ਹਾਂ ਕਿ ਧੀ- ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਤਾ-ਪਿਤਾ ਹਮੇਸ਼ਾ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਧੀ-ਪੁੱਤ ਨੂੰ ਠੰਢੀਆਂ ਛਾਂਵਾਂ ਹੀ ਦਿੰਦੇ ਹਨ। ਉਨ੍ਹਾਂ ਦੇ ਮਨਾਂ ਵਿਚ ਹਮੇਸ਼ਾ ਆਪਣੀ ਔਲਾਦ ਨੂੰ ਖੁਸ਼ ਦੇਖਣ ਦਾ ਚਾਅ ਹੁੰਦਾ ਹੈ। ਬਹੁਤ ਵਾਰੀ ਬੱਚੇ ਆਪਣੀ ਮਨ ਮਰਜ਼ੀ ਕਰਦੇ ਮਾਤਾ-ਪਿਤਾ ਨੂੰ ਮਹਿਣੇ ਵੀ ਮਾਰ ਦਿੰਦੇ ਹਨ ਜੋ ਕਿ ਵਾਸਵਿਕਤਾ ਤੋਂ ਕੋਹਾਂ ਦੂਰ ਹੁੰਦੇ ਹਨ। ਬਹੁਤੇ ਘਰਾਂ ਵਿਚ ਮਾਤਾ ਪਿਤਾ ਵੀ ਆਪਣੀ ਔਲਾਦ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਤੇ ਜਲੀਲਤਾ ਭਰਪੂਰ ਜੀਵਨ ਬਤੀਤ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਅਜੋਕੀ ਨੌਜਵਾਨ ਪੀੜੀ ਵੱਲੋਂ ਸ਼ੋਸ਼ਲ ਮੀਡੀਆ ਵੱਲ ਵੱਧਦਾ ਰੁਝਾਨ ਹੈ ਜੋ ਕਿ ਉਨ੍ਹਾਂ ਨੂੰ ਜਿਥੇ ਹਿੰਸਕ ਤੇ ਕਾਮੁਕ ਬਣਾ ਰਿਹਾ ਹੈ, ਉੱਥੇ ਮਾਤਾ-ਪਿਤਾ ਤੋਂ ਦੂਰ ਬੈਠਣ ਲਈ ਵੀ ਮਜਬੂਰ ਕਰ ਰਹੀ ਹੈ। ਅਸੀਂ ਜਾਣਦੇ ਹਾਂ ਕਿ ਵਾਧੂ ਕਿਤਾਬਾਂ ਦਾ ਬੋਝ ਉਨ੍ਹਾਂ ਨੂੰ ਚਿੜਚਿੜਾਪਣ ਦੇ ਰਿਹਾ ਪਰ ਮਾਤਾ-ਪਿਤਾ ਕੋਲ ਬੈਠਣਾ, ਉਨ੍ਹਾਂ ਨਾਲ ਤਜਰਬਿਆਂ ਦੀ ਸਾਂਝ ਕਰਨ ਨਾਲ ਜ਼ਿੰਦਗੀ ਦੇ ਸਫਲਤਾ ਦੇ ਦਰਵਾਜ਼ਿਆਂ ਨੂੰ ਖੋਲਦਾ ਹੈ। ਸਕੂਲੀ ਵਿਦਿਆਰਥੀ ਤਾਂ ਬਸ ਸਕੂਲੀ ਸਿਲੇਬਸ, ਟਿਊਸ਼ਨਾਂ ਤੇ ਮੋਬਾਇਲਾਂ ਉੱਪਰ ਹੀ ਕੇਂਦਰਿਤ ਹੋ ਗਏ ਹਨ। ਉਨ੍ਹਾਂ ਵੱਲੋਂ ਮਾਤਾ-ਪਿਤਾ ਦਾ ਆਦਰ ਕਰਨਾ ਜਾਂ ਉਨ੍ਹਾਂ ਵੱਲੋਂ ਦੱਸੀ ਗਈ ਸਿੱਖਿਆ ਨੂੰ ਅਪਣਾਉਣਾ ਇਕ ਜ਼ੁਲਮ ਜਿਹਾ ਲੱਗਦਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਦਰਦ ਭਰਿਆ ਸਫਰ ਲੱਗਦਾ ਹੈ। ਸੋ ਆਓ, ਨੌਜਵਾਨੋਂ ਆਪਣੇ ਮਾਤਾ-ਪਿਤਾ ਦੀ ਕਦਰ ਕਰੀਏ ਕਿਉਂਕਿ ਤਿੰਨ ਰੰਗ ਹੁਸਨ, ਜੁਆਨੀ ਤੇ ਮਾਪੇ ਕਦੇ ਨਹੀਂ ਮਿਲਦੇ, ਇਨ੍ਹਾਂ ਵਿਚੋਂ ਹੁਸਨ ਤੇ ਜਵਾਨੀ ਵੀ ਮਾਤਾ-ਪਿਤਾ ਦੀ ਦੇਣ ਹਨ, ਜੇਕਰ ਉਹ ਖੁਸ਼ ਤੇ ਸਤਿਕਾਰਤ ਰਹਿਣਗੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਸਾਰਿਆਂ ਨੂੰ ਆਪਣੀਆਂ ਸਫਲਤਾ ਦੀਆਂ ਪੌੜੀਆਂ ਵੱਲ ਜਾਣ ਤੋਂ ਰੋਕ ਨਹੀਂ ਸਕੇਗੀ।