ਭਗਵਾਨ ਪਰਸ਼ੂਰਾਮ ਜਯੰਤੀ ਨੂੰ ਸਮਰਪਿਤ ਰਾਸ਼ਨ ਵੰਡ ਸਮਾਗਮ ਕਰਵਾਇਆ
ਬਲੱਡ ਬੈਂਕ ਵਿਖੇ ਹੋਇਆ ਭਗਵਾਨ ਪਰਸ਼ੂਰਾਮ ਜਯੰਤੀ ਨੂੰ ਸਮਰਪਿਤ ਰਾਸ਼ਨ ਵੰਡ ਸਮਾਗਮ
Publish Date: Mon, 20 Apr 2026 09:04 PM (IST)
Updated Date: Mon, 20 Apr 2026 09:06 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਭਗਵਾਨ ਪਰਸ਼ੂਰਾਮ ਜਯੰਤੀ ਤੇ ਅਕਸ਼ੈ ਤ੍ਰਿਤੀਆ ਨੂੰ ਸਮਰਪਿਤ ਰਾਸ਼ਨ ਵੰਡ ਸਮਾਗਮ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਮਾਜ ਸੇਵਕ ਵਿਨੋਦ ਮੜ੍ਹੀਆ ਦੇ ਸਹਿਯੋਗ ਸਦਕਾ 35 ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਨ ਸਮੱਗਰੀ ਭੇਟ ਕੀਤੀ। ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਬੀਤੇ ਦਿਨੀਂ ਬਲੱਡ ਬੈਂਕ ਵੱਲੋਂ 208ਵੇਂ ਰਾਸ਼ਨ ਵੰਡ ਸਮਾਗਮ ਦੌਰਾਨ 100 ਔਰਤਾਂ ਨੂੰ ਰਾਸ਼ਨ ਭੇਟ ਕਰਨ ਦੇ ਬਾਵਜੂਦ ਜੋ ਔਰਤਾਂ ਰਾਸ਼ਨ ਤੋਂ ਵਾਂਝੀਆਂ ਰਹਿ ਗਈਆਂ ਸਨ, ਉਨ੍ਹਾਂ ਸਮੇਤ ਕੁੱਲ 35 ਔਰਤਾਂ ਨੂੰ ਰਾਸ਼ਨ ਦੇਣ ਦਾ ਵਾਅਦਾ ਸਮਾਜ ਸੇਵਕ ਵਿਨੋਦ ਮੜ੍ਹੀਆ ਵਲੋਂ ਅੱਜ ਪੂਰਾ ਕੀਤਾ ਗਿਆ ਹੈ, ਜਿਸ ਦੇ ਲਈ ਉਹ ਤਹਿ ਦਿਲੋਂ ਧੰਨਵਾਦੀ ਹਨ। ਉਨ੍ਹਾਂ ਸਮੂਹ ਔਰਤਾਂ ਤੇ ਹਾਜ਼ਰੀਨ ਨੂੰ ਭਗਵਾਨ ਪਰਸ਼ੂਰਾਮ ਜਯੰਤੀ ਦੀਆਂ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਇਸ ਮੌਕੇ ਵਿਨੋਦ ਮੜ੍ਹੀਆ ਨੇ ਸੰਕਲਪ ਲਿਆ ਕਿ ਉਹ ਹਰੇਕ ਮਹੀਨੇ ਇਸੇ ਤਰ੍ਹਾਂ ਰਾਸ਼ਨ ਵੰਡਣ ਦੇ ਪ੍ਰੋਜੈਕਟ ਨੂੰ ਕਰਨ ਦਾ ਭਰਪੂਰ ਯਤਨ ਕਰਨਗੇ। ਇਸ ਮੌਕੇ ਸਮਾਜ ਸੇਵਕ ਵਿਪਨ ਅਰੋੜਾ, ਗੁਲਾਬ ਸਿੰਘ ਠਾਕੁਰ, ਮੋਹਨ ਲਾਲ ਤਨੇਜਾ, ਸੁਧਾ ਬੇਦੀ ਆਦਿ ਹਾਜ਼ਰ ਸਨ।