40 ਹਲਕਿਆਂ ’ਚ ਹੋਈਆਂ ਰੈਲੀਆਂ ਨੇ ਪੰਜਾਬ ਦਾ ਮਾਹੌਲ ਬਦਲਿਆ : ਵਾਲੀਆ
40 ਹਲਕਿਆਂ ਵਿੱਚ ਹੋਈਆਂ ਰੈਲੀਆਂ ਨੇ ਪੰਜਾਬ ਦਾ ਮਾਹੌਲ ਬਦਲਿਆ
Publish Date: Sun, 26 Apr 2026 07:51 PM (IST)
Updated Date: Sun, 26 Apr 2026 07:55 PM (IST)

--ਅਕਾਲੀ ਦਲ ਦੇ ਸਮਰਥਨ ’ਚ ਹੋਇਆ ਵੱਡਾ ਇਕੱਠ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਕਪੂਰਥਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਤੇ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਿਚ ਇਕ ਮਜ਼ਬੂਤ ਜਨਤਕ ਲਹਿਰ ਉੱਭਰੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਵੱਖ-ਵੱਖ ਰੈਲੀਆਂ ਤੇ ਜਨਤਕ ਮੀਟਿੰਗਾਂ ਵਿਚ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਹੁਣ ਦੁਬਾਰਾ ਅਕਾਲੀ ਦਲ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 40 ਤੋਂ ਵੱਧ ਹਲਕਿਆਂ ਵਿਚ ਕੀਤੀਆਂ ਗਈਆਂ ਰੈਲੀਆਂ ਨੇ ਸੂਬੇ ਦੇ ਰਾਜਨੀਤਿਕ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅਕਾਲੀ ਦਲ ਪ੍ਰਤੀ ਲੋਕਾਂ ਦਾ ਵਧਦਾ ਉਤਸ਼ਾਹ ਸਿਰਫ਼ ਇਕ ਰਾਜਨੀਤਿਕ ਰੁਝਾਨ ਨਹੀਂ ਹੈ, ਸਗੋਂ ਮੌਜੂਦਾ ਸਰਕਾਰ ਦੇ ਝੂਠੇ ਵਾਅਦਿਆਂ ਵਿਰੁੱਧ ਜਨਤਕ ਗੁੱਸੇ ਦਾ ਪ੍ਰਤੀਬਿੰਬ ਹੈ। ਆਪਣੇ ਸੰਬੋਧਨ ਵਿਚ ਵਾਲੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਸੱਚਾ ਵਿਕਾਸ ਅਕਾਲੀ ਦਲ ਦੇ ਰਾਜ ਵਿਚ ਹੀ ਸੰਭਵ ਹੋਇਆ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਮਜ਼ਬੂਤ ਸੜਕੀ ਬੁਨਿਆਦੀ ਢਾਂਚਾ ਸਥਾਪਤ ਕੀਤਾ ਗਿਆ ਹੈ। ਨੈੱਟਵਰਕ, ਫਲਾਈਓਵਰ ਤੇ ਥਰਮਲ ਪਲਾਂਟਾਂ ਦੀ ਸਥਾਪਨਾ ਅਕਾਲੀ ਸਰਕਾਰ ਦਾ ਯੋਗਦਾਨ ਹੈ। ਬਾਦਲ ਸਰਕਾਰ ਦੌਰਾਨ ਹੋਇਆ ਸਕੂਲਾਂ ਤੇ ਹਸਪਤਾਲਾਂ ਦਾ ਆਧੁਨਿਕੀਕਰਨ ਅੱਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਅਕਾਲੀ ਦਲ ਨੇ ਆਟਾ-ਦਾਲ ਸਕੀਮ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ, ਜਿਨ੍ਹਾਂ ਨੂੰ ਮੌਜੂਦਾ ਸਰਕਾਰਾਂ ਸਹੀ ਢੰਗ ਨਾਲ ਲਾਗੂ ਕਰਨ ਵਿਚ ਅਸਫਲ ਰਹੀਆਂ ਹਨ। ਵਾਲੀਆ ਨੇ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੇ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕ ਦਿੱਤਾ ਹੈ। ਅੰਤ ਵਿਚ ਐੱਚਐੱਸ ਵਾਲੀਆ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰੀ ਜਿੱਤ ਪ੍ਰਾਪਤ ਕਰੇਗਾ।