ਟਿਕਟ ਲਈ ਦੌੜ ਤੇਜ਼, ਕਪੂਰਥਲਾ ‘ਚ ਸਿਆਸੀ ਹਲਚਲ ਸਿਖ਼ਰ ‘ਤੇ
ਟਿਕਟ ਲਈ ਦੌੜ ਤੇਜ਼, ਕਪੂਰਥਲਾ ‘ਚ ਸਿਆਸੀ ਹਲਚਲ ਚਰਮ ‘ਤੇ
Publish Date: Sun, 03 May 2026 09:14 PM (IST)
Updated Date: Sun, 03 May 2026 09:14 PM (IST)

-ਪਾਰਟੀ ਦਫਤਰਾਂ ’ਚ ਲੱਗ ਰਹੀਆਂ ਕਤਾਰਾਂ, ਦਾਵੇਦਾਰਾਂ ਵੱਲੋਂ ਲਾਬਿੰਗ ਤੇ ਜ਼ਮੀਨੀ ਤਾਕਤ ਦਿਖਾਉਣ ਦੀ ਹੋੜ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਵੇਂ ਹਾਲੇ ਤੱਕ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਜਾਰੀ ਨਹੀਂ ਕੀਤੀ ਗਈ ਪਰ ਸਿਆਸੀ ਪੱਖੋਂ ਹਲਚਲ ਆਪਣੇ ਸਿਖ਼ਰ ‘ਤੇ ਪਹੁੰਚ ਚੁੱਕੀ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਟਿਕਟ ਦੇ ਚਾਹਵਾਨ ਉਮੀਦਵਾਰ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ ਤੇ ਪਾਰਟੀ ਦਫਤਰਾਂ ’ਚ ਹਰ ਰੋਜ਼ ਭੀੜ ਦੇਖਣ ਨੂੰ ਮਿਲ ਰਹੀ ਹੈ। ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਸਭ ਵਿਚ ਟਿਕਟ ਹਾਸਲ ਕਰਨ ਲਈ ਦਾਅਵੇਦਾਰਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਹਰ ਦਾਅਵੇਦਾਰ ਆਪਣੇ-ਆਪ ਨੂੰ ਮਜ਼ਬੂਤ ਦਿਖਾਉਣ ਲਈ ਕਦੇ ਵੱਡੇ ਨੇਤਾਵਾਂ ਨਾਲ ਮੀਟਿੰਗਾਂ ਕਰ ਰਿਹਾ ਹੈ, ਤਾਂ ਕਦੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ ਕਰਕੇ ਆਪਣੀ ਪਹੁੰਚ ਦਰਸਾ ਰਿਹਾ ਹੈ। ਇਸ ਸਮੇਂ ਪਾਰਟੀ ਦਫਤਰ ਸਿਆਸੀ ਕੇਂਦਰ ਬਣੇ ਹੋਏ ਹਨ, ਜਿਥੇ ਸਵੇਰੇ ਤੋਂ ਸ਼ਾਮ ਤੱਕ ਦਾਅਵੇਦਾਰਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਕਈ ਉਮੀਦਵਾਰ ਆਪਣੇ ਵਾਰਡਾਂ ਵਿਚ ਸਮਾਜਿਕ ਕਾਰਜ ਕਰਵਾ ਕੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਕੁਝ ਨੇ ਆਪਣੀ ਚੋਣ ਤਿਆਰੀ ਲਗਭਗ ਸ਼ੁਰੂ ਵੀ ਕਰ ਦਿੱਤੀ ਹੈ, ਭਾਵੇਂ ਟਿਕਟ ਦਾ ਫੈਸਲਾ ਹਾਲੇ ਬਾਕੀ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਦਾਅਵੇਦਾਰ “ਬੈਕਅੱਪ ਪਲਾਨ” ‘ਤੇ ਵੀ ਕੰਮ ਕਰ ਰਹੇ ਹਨ। ਅੰਦਰੂਨੀ ਗੱਲਬਾਤਾਂ ਮੁਤਾਬਕ ਜੇਕਰ ਕਿਸੇ ਨੂੰ ਟਿਕਟ ਨਹੀਂ ਮਿਲਦੀ, ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਉਤਰਨ ਲਈ ਤਿਆਰ ਹਨ। ਇਸ ਸੰਭਾਵਨਾ ਨੇ ਪਾਰਟੀਆਂ ਲਈ ਚੁਣੌਤੀ ਵਧਾ ਦਿੱਤੀ ਹੈ, ਕਿਉਂਕਿ ਬਗਾਵਤ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਸਬੰਧੀ ਇਕ ਸਥਾਨਕ ਸਿਆਸੀ ਵਰਕਰ ਨੇ ਨਾਮ ਨਾ ਪ੍ਰਗਟ ਕਰਨ ਦੀ ਸ਼ਰਤ ‘ਤੇ ਦੱਸਿਆ, “ਹਾਲਾਤ ਐਸੇ ਹਨ ਕਿ ਹਰ ਕੋਈ ਆਪਣੇ ਲਈ ਟਿਕਟ ਪੱਕੀ ਮੰਨ ਰਿਹਾ ਹੈ, ਪਰ ਅਸਲ ਫੈਸਲਾ ਆਖਰੀ ਵੇਲੇ ਹੀ ਹੋਵੇਗਾ। ਇਸ ਕਰਕੇ ਹੀ ਸਭ ਲਾਬਿੰਗ ‘ਚ ਜੁਟੇ ਹੋਏ ਹਨ।” ਦੂਜੇ ਪਾਸੇ ਵੋਟਰ ਵੀ ਇਸ ਸਾਰੀ ਸਿਆਸੀ ਹਲਚਲ ‘ਤੇ ਨਜ਼ਰ ਰੱਖੇ ਹੋਏ ਹਨ। ਇਕ ਸਥਾਨਕ ਨਿਵਾਸੀ ਨੇ ਕਿਹਾ,“ਸਾਨੂੰ ਉਹੀ ਉਮੀਦਵਾਰ ਚਾਹੀਦਾ ਹੈ ਜੋ ਚੋਣਾਂ ਤੋਂ ਬਾਅਦ ਵੀ ਲੋਕਾਂ ਦੇ ਵਿਚ ਰਹੇ। ਹੁਣ ਦੇਖਣਾ ਇਹ ਹੈ ਕਿ ਪਾਰਟੀਆਂ ਕਿਸ ਨੂੰ ਮੌਕਾ ਦਿੰਦੀਆਂ ਹਨ।” ਇਸ ਸਬੰਧੀ ਜੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕਰੀਏ ਤਾਂ ਹਰ ਦਲ ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੂਚੀ ਤਿਆਰ ਹੈ, ਬਸ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ। ਟਿਕਟਾ ਦੀ ਘੋਸ਼ਣਾ ’ਚ ਦੇਰੀ ਨਾਲ ਦਲ-ਬਦਲੂ ਦਾ ਰੁਝਾਨ ਵੀ ਵਧ ਰਿਹਾ ਹੈ, ਜਿਸ ਨੂੰ ਟਿਕਟ ਬਾਰੇ ਥੋੜਾ ਵੀ ਡਾਉਟ ਹੈ, ਉਹ ਅੰਦਰਖਾਤੇ ਦੂਸਰੇ ਦਲ ਨਾਲ ਸੰਪਰਕ ਬਣਾ ਰਿਹਾ ਹੈ। ਕੁੱਲ ਮਿਲਾ ਕੇ ਕਪੂਰਥਲਾ ਦੀ ਚੋਣ ਸਿਆਸਤ ਵਿਚ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਹੀ ਤਗੜੀ ਰੇਸ ਸ਼ੁਰੂ ਹੋ ਚੁੱਕੀ ਹੈ। ਜਿਵੇਂ ਹੀ ਪਾਰਟੀਆਂ ਵੱਲੋਂ ਅਧਿਕਾਰਕ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ, ਇਹ ਦੌੜ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਤੇ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਜਾਵੇਗਾ। ਕਈ ਵਾਰਡਾਂ ਚ ਅੰਦਰਖਾਤੇ ਦਾਵਤਾਂ ਦਾ ਰੁਝਾਨ ਵੀ ਸ਼ੁਰੂ ਹੋ ਗਿਆ ਹੈ।