ਅਕਾਲੀ ਸਰਕਾਰ ਬਣਦੇ ਹੀ ਵਪਾਰ ਤੇ ਉਦਯੋਗਾਂ ਦਾ ਹੋਵੇਗਾ ਕਾਇਆਕਲਪ : ਕਿੰਨੜਾ/ਵਾਲੀਆ
ਅਕਾਲੀ ਦਲ ਦੀ ਸਰਕਾਰ ਬਣਦੇ ਹੀ ਪੰਜਾਬ ਦੇ ਵਪਾਰ ਤੇ ਉਦਯੋਗਿਕ ਢਾਂਚੇ ਦਾ ਹੋਵੇਗਾ ਕਾਇਆਕਲਪ-ਕਿੰਨੜਾ/ਵਾਲੀਆ
Publish Date: Thu, 07 May 2026 07:05 PM (IST)
Updated Date: Thu, 07 May 2026 07:08 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਨੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਕਮਰਕੱਸ ਲਈ ਹੈ। ਇਸੇ ਚੋਣ ਮੁਹਿੰਮ ਤਹਿਤ ਪਾਰਟੀ ਨੇ ਪੰਜਾਬ ਦੇ ਹਰ ਜ਼ਿਲੇ ਤੇ ਵਿਧਾਨ ਸਭਾ ਹਲਕੇ ’ਚ ਜਨਤਾ ਨਾਲ ਸਿੱਧਾ ਸੰਪਰਕ ਸਾਧਣ ਦਾ ਫੈਸਲਾ ਕੀਤਾ ਹੈ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ ਤੇ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬ, ਖਾਸ ਕਰ ਕੇ ਫਗਵਾੜਾ ਵਰਗੇ ਉਦਯੋਗਿਕ ਤੇ ਵਪਾਰਕ ਕੇਂਦਰਾਂ ਦੇ ਵਿਕਾਸ ਲਈ ਪਾਰਟੀ ਦਾ ਵਿਜ਼ਨ ਸਾਂਝਾ ਕੀਤਾ। ਅਕਾਲੀ ਆਗੂਆਂ ਨੇ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਮੁੱਖ ਧਿਆਨ ਸਥਾਨਕ ਵਪਾਰ ਤੇ ਉਦਯੋਗਾਂ ਨੂੰ ਸਹੂਲਤਾਂ ਦੇਣ ਤੇ ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ’ਤੇ ਹੈ। ਕਿੰਨੜਾ ਤੇ ਵਾਲੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਉਦੇਸ਼ ਸਥਾਨਕ ਵਪਾਰ ਤੇ ਉਦਯੋਗਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨਾ ਤੇ ਸੂਬੇ ’ਚ ਵੱਡੇ ਪੱਧਰ ’ਤੇ ਰੋਜ਼ਗਾਰ ਪੈਦਾ ਕਰਨਾ ਹੈ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ 2027 ’ਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਵਪਾਰ ਤੇ ਉਦਯੋਗਿਕ ਇਕਾਈਆਂ ਨੂੰ ਵਿਸ਼ੇਸ਼ ਸਰਕਾਰੀ ਰਿਆਇਤਾਂ ਦਿੱਤੀਆਂ ਜਾਣਗੀਆਂ। ਅਕਾਲੀ ਆਗੂਆਂ ਨੇ ਇਕ ਅਹਿਮ ਨੀਤੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਨ੍ਹਾਂ ਰਿਆਇਤਾਂ ਦਾ ਲਾਭ ਸਿਰਫ ਉਨ੍ਹਾਂ ਵਪਾਰ ਤੇ ਉਦਯੋਗਾਂ ਨੂੰ ਮਿਲੇਗਾ ਜੋ 75 ਫੀਸਦੀ ਸਥਾਨਕ ਕਾਮਿਆਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੇ। ਇਸ ਨਾਲ ਫਗਵਾੜਾ ਤੇ ਆਸ-ਪਾਸ ਦੇ ਖੇਤਰਾਂ ਦੇ ਨੌਜਵਾਨਾਂ ਲਈ ਘਰ ਦੇ ਨੇੜੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਦਯੋਗਿਕ ਕ੍ਰਾਂਤੀ ਲਿਆਉਣ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ ਕਿੰਨੜਾ ਤੇ ਵਾਲੀਆ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਵਪਾਰ ਤੇ ਉਦਯੋਗਾਂ ਨੂੰ ਚਲਾਉਣ ਲਈ ਬਿਜਲੀ ਦੀਆਂ ਦਰਾਂ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕਰ ਦਿੱਤੀਆਂ ਜਾਣਗੀਆਂ। ਕਿੰਨੜਾ ਤੇ ਵਾਲੀਆ ਨੇ ਦੱਸਿਆ ਕਿ ਲੁਧਿਆਣਾ ਚ 200 ਏਕੜ ਜ਼ਮੀਨ ਤੇ ਇਕ ਅਤਿ-ਆਧੁਨਿਕ ਹੁਨਰ ਵਿਸ਼ਵ ਵਿਦਿਆਲਿਆ ਸਥਾਪਿਤ ਕੀਤਾ ਜਾਵੇਗਾ। ਇਹ ਯੂਨੀਵਰਸਿਟੀ ਫਗਵਾੜਾ ਸਮੇਤ ਪੂਰੇ ਪੰਜਾਬ ਦੇ ਸਾਈਕਲ, ਹੌਜ਼ਰੀ ਤੇ ਆਟੋ ਪਾਰਟਸ ਉਦਯੋਗਾਂ ਲਈ ਕੁਸ਼ਲ ਕਾਮੇ ਤਿਆਰ ਕਰੇਗੀ। ਅਕਾਲੀ ਆਗੂਆਂ ਨੇ ਮਿਸ਼ਰਿਤ ਭੂਮੀ ਵਰਤੋਂ ਖੇਤਰਾਂ ਤੋਂ ਉਦਯੋਗਾਂ ਨੂੰ ਬਾਹਰ ਭੇਜਣ ਦੀ ਮੌਜੂਦਾ ਨੀਤੀ ਨੂੰ ਬੰਦ ਕਰਨ ਦਾ ਵੀ ਵਾਅਦਾ ਕੀਤਾ, ਤਾਂ ਜੋ ਪੁਰਾਣੇ ਉਦਯੋਗਾਂ ਨੂੰ ਰਾਹਤ ਮਿਲ ਸਕੇ ਤੇ ਨਵਾਂ ਨਿਵੇਸ਼ ਆਕਰਸ਼ਿਤ ਹੋਵੇ। ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਕਿੰਨੜਾ ਤੇ ਵਾਲੀਆ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਸੂਬੇ ਦੇ ਵਿਕਾਸ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦਾ ਅਸਲੀ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨਕਾਲ ਦੌਰਾਨ ਹੀ ਹੋਇਆ ਹੈ ਤੇ 2027 ’ਚ ਜਨਤਾ ਫਿਰ ਤੋਂ ਵਿਕਾਸ ਦੀ ਰਾਜਨੀਤੀ ਨੂੰ ਚੁਣੇਗੀ ।ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੇ ਸਬਜ਼ਬਾਗ ਵਿਖਾ ਕੇ ਚੋਣਾਂ ਜਿੱਤੀਆਂ ਸਨ ਤੇ ਕੋਈ ਵੀ ਪੰਜਾਬ ਦੇ ਭਲੇ ਦਾ ਕੰਮ ਨਹੀਂ ਕੀਤਾ ਤੇ ਜੋ ਵੀ ਵਿਕਾਸ ਦਾ ਕੰਮ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ ਹੈ।