ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਸੌਂਪਿਆ ਬੀਮਾ ਰਾਸ਼ੀ ਦਾ ਚੈੱਕ
ਪੰਜਾਬ ਗ੍ਰਾਮੀਣ ਬੈਂਕ ਢਿਲਵਾਂ ਦੇ ਅਧਿਕਾਰੀਆਂ ਨੇ ਮ੍ਰਿਤਕ ਗਾਹਕ ਦੇ ਪਰਿਵਾਰ ਨੂੰ ਸੌਂਪਿਆ ਬੀਮਾ ਰਾਸ਼ੀ ਦਾ ਚੈਕ
Publish Date: Fri, 24 Apr 2026 07:06 PM (IST)
Updated Date: Fri, 24 Apr 2026 07:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਗ੍ਰਾਮੀਣ ਬੈਂਕ ਦੀ ਢਿੱਲਵਾਂ ਸ਼ਾਖਾ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਮ੍ਰਿਤਕ ਗ੍ਰਾਹਕ ਦੇ ਪਰਿਵਾਰ ਨੂੰ ਬੀਮਾ ਰਾਸ਼ੀ ਸੌਂਪ ਕੇ ਸ਼ਲਾਘਾਯੋਗ ਉਦਾਹਰਨ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਹਰਵਿੰਦਰ ਕੌਰ ਪਤਨੀ ਸਵ. ਸੁਖਵਿੰਦਰ ਸਿੰਘ ਵਾਸੀ ਪਿੰਡ ਮਾਂਗੇਵਾਲ ਦਾ ਖਾਤਾ ਪੰਜਾਬ ਗ੍ਰਾਮੀਣ ਬੈਂਕ ਢਿੱਲਵਾਂ ਸ਼ਾਖਾ ਵਿੱਚ ਚੱਲ ਰਿਹਾ ਸੀ, ਜਿਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਤੀ ਦਾ ਵੀ ਦੇਹਾਂਤ ਹੋ ਚੁੱਕਾ ਸੀ। ਹਰਵਿੰਦਰ ਕੌਰ ਦੇ ਖਾਤੇ ਨਾਲ ਕੇਂਦਰ ਸਰਕਾਰ ਦੀ ਲੋਕ ਕਲਿਆਣਕਾਰੀ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਜੁੜੀ ਹੋਈ ਸੀ। ਯੋਜਨਾ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਦੇਹਾਂਤ ਉਪਰੰਤ ਦੋ ਲੱਖ ਰੁਪਏ ਦੀ ਬੀਮਾ ਰਾਸ਼ੀ ਮਨਜ਼ੂਰ ਹੋਈ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਵੱਲੋਂ ਆਪਣੀ ਧੀ ਰਾਜਵਿੰਦਰ ਕੌਰ ਨੂੰ ਨੋਮੀਨੀ ਦਰਜ ਕੀਤਾ ਗਿਆ ਸੀ। ਪੰਜਾਬ ਗ੍ਰਾਮੀਣ ਬੈਂਕ ਢਿੱਲਵਾਂ ਸ਼ਾਖਾ ਵੱਲੋਂ ਸਾਰੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰ ਕੇ ਤੇਜ਼ੀ ਨਾਲ ਕਲੇਮ ਪ੍ਰਕਿਰਿਆ ਪੂਰੀ ਕੀਤੀ ਗਈ ਅਤੇ ਬੀਮਾ ਰਾਸ਼ੀ ਦਾ ਨਿਪਟਾਰਾ ਤੁਰੰਤ ਕਰਵਾ ਕੇ ਚੈੱਕ ਸੌਂਪ ਦਿੱਤਾ ਗਿਆ। ਇਸ ਨਾਲ ਦੁਖੀ ਪਰਿਵਾਰ ਨੂੰ ਵੱਡਾ ਆਰਥਿਕ ਸਹਾਰਾ ਮਿਲਿਆ ਹੈ। ਬੈਂਕ ਮੈਨੇਜਰ ਰਣਧੀਰ ਸਿੰਘ ਨੇ ਕਿਹਾ ਕਿ ਪੰਜਾਬ ਗ੍ਰਾਮੀਣ ਬੈਂਕ ਹਮੇਸ਼ਾ ਆਪਣੇ ਗਾਹਕਾਂ ਦੇ ਨਾਲ ਖੜ੍ਹਾ ਹੈ ਅਤੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਬੀਮਾ ਯੋਜਨਾਵਾਂ ਮੁਸ਼ਕਿਲ ਸਮੇਂ ਵਿੱਚ ਗਾਹਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਦਦਗਾਰ ਸਾਬਤ ਹੋ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਬੈਂਕ ਸਟਾਫ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਵੀ ਗਾਹਕ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਬੇਵਜ੍ਹਾ ਪ੍ਰੇਸ਼ਾਨੀ ਨਾ ਝੱਲਣੀ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਦਾ ਸਾਲਾਨਾ ਪ੍ਰੀਮੀਅਮ 436 ਰੁਪਏ ਹੈ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਦਾ ਸਾਲਾਨਾ ਪ੍ਰੀਮੀਅਮ ਸਿਰਫ 20 ਰੁਪਏ ਹੈ, ਇਸ ਲਈ ਹਰ ਵਿਅਕਤੀ ਨੂੰ ਇਹ ਯੋਜਨਾਵਾਂ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਸੰਕਟ ਸਮੇਂ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ। ਇਸ ਦੌਰਾਨ ਪਿੰਡ ਮਾਂਗੇਵਾਲ ਦੇ ਪ੍ਰਮੁੱਖ ਵਿਅਕਤੀ ਸੰਤੋਖ ਸਿੰਘ, ਰਾਮ ਸਿੰਘ ਅਤੇ ਬਲਕਾਰ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਅਜਿਹੀਆਂ ਯੋਜਨਾਵਾਂ ਆਮ ਲੋਕਾਂ ਲਈ ਬਹੁਤ ਲਾਭਕਾਰੀ ਹਨ। ਮ੍ਰਿਤਕ ਦੇ ਪਰਿਵਾਰ ਵੱਲੋਂ ਢਿੱਲਵਾਂ ਬੈਂਕ ਸ਼ਾਖਾ ਦੇ ਸਮੂਹ ਸਟਾਫ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀ ਸਮੇਂ-ਸਿਰ ਸਹਾਇਤਾ ਅਤੇ ਮਦਦ ਲਈ ਸ਼ਲਾਘਾ ਕੀਤੀ ਗਈ।