ਬੈਂਕਾਂ ਨੂੰ ਸਮੇਂ ਸਿਰ ਫੰਡ ਜਾਰੀ ਕਰੇ ਪੰਜਾਬ ਸਰਕਾਰ : ਪੈਨਸ਼ਨਰ
ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਂਨਸ਼ਨ ਪਾਉਣ ਲਈ ਬੈਂਕਾਂ ਨੂੰ ਸਮੇਂ ਸਿਰ ਫੰਡ ਜਾਰੀ ਕਰੇ ਪੰਜਾਬ ਸਰਕਾਰ: ਪੈਨਸ਼ਨਰ ਆਗੂ*
Publish Date: Sun, 10 May 2026 08:24 PM (IST)
Updated Date: Sun, 10 May 2026 08:27 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ(ਰਜਿ) ਦੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਉਂਦੇ ਹੋਏ ਦੱਸਿਆ ਕਿ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਪੰਜਾਬ ਵੱਲੋਂ ਮਿਤੀ 08/05/2026 ਨੂੰ ਡਿਪਟੀ ਡਾਇਰੈਕਟਰ ਪੈਨਸ਼ਨ ਵੰਡ ਤੇ ਲੇਖਾ, ਵਿੱਤ ਤੇ ਯੋਜਨਾ ਵਿਭਾਗ ਨਾਲ ਹੋਈ ਸੂਬਾਈ ਮੀਟਿੰਗ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਪੈਨਸ਼ਨਰਾਂ ਨੇ ਅਜੇ ਤੱਕ ਡਿਜੀਟਲ ਲਾਈਵ ਸਰਟੀਫਿਕੇਟ ਅਪਡੇਟ ਨਹੀਂ ਕਰਵਾਇਆ, ਉਹ ਆਪਣਾ ਸਰਟੀਫਿਕੇਟ ਜਲਦੀ ਤੋਂ ਜਲਦੀ ਅਪਡੇਟ ਕਰਵਾ ਲੈਣ ਤਾਂ ਜੋ ਭਵਿੱਖ ਵਿਚ ਪੈਨਸ਼ਨ ਖਾਤਿਆਂ ਵਿਚ ਪੈਣ ਸਬੰਧੀ ਕੋਈ ਸਮੱਸਆ ਪੈਦਾ ਨਾ ਹੋਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਦਾ ਐੱਲਟੀਸੀ ਡਿਊ ਹੈ, ਉਹ ਆਪਣਾ ਐੱਲਟੀਸੀ ਲੈਣ ਲਈ ਪੈਨਸ਼ਨ ਪੋਰਟਲ ’ਤੇ ਅਪਡੇਟ ਕਰਨ ਤਾਂ ਜੋ ਉਨ੍ਹਾਂ ਨੂੰ ਐੱਲਟੀਸੀ ਮਿਲ ਸਕੇ। ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਸਾਂਝੇ ਤੌਰ ਤੇ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਪੈਨਸ਼ਨਰਾਂ ਦੇ ਖਾਤਿਆਂ ਵਿਚ ਲੇਟ ਪਾਉਣ ਤੇ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੀ ਤਿੱਖੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਭਵਿੱਖ ਵਿਚ ਖਾਤਿਆਂ ਵਿਚ ਪੈਨਸ਼ਨਾਂ ਸਮੇਂ ਸਿਰ ਪਾਉਣ ਲਈ ਪੰਜਾਬ ਸਰਕਾਰ ਸਬੰਧਤ ਬੈਂਕਾਂ ਨੂੰ ਲੋੜੀਂਦਾ ਫੰਡ ਸਮੇਂ ਸਿਰ ਭੇਜੇ ਤਾਂ ਜੋ ਪੈਨਸ਼ਨਰਾਂ ਦੀ ਖੱਜਲ-ਖੁਆਰੀ ਨਾ ਹੋਵੇ। ਮੀਟਿੰਗ ਦੇ ਸ਼ੁਰੂ ਵਿਚ ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਮਈ ਮਹੀਨੇ ਵਿਚ ਆਉਂਦਾ ਹੈ, ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ, ਉਨ੍ਹਾਂ ਦੀ ਤੰਦਰੁਸਤੀ ਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪਿਛਲੇ ਤਿੰਨ ਸਾਲਾਂ ਤੋਂ ਨੌਕਰੀ ਕਰ ਰਹੇ 4161 ਅਧਿਆਪਕਾਂ ਨੂੰ ਰੀਕਾਸਟ ਦੇ ਨਾਂ ’ਤੇ ਨੌਕਰੀਆਂ ਤੋਂ ਕੱਢਣ ਦੇ ਨੋਟਿਸ ਜਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਪਰੋਕਤ ਅਧਿਆਪਕਾਂ ਨੂੰ ਘਰਾਂ ਨੂੰ ਤੋਰਨ ਦੀ ਬਜਾਏ ਵਿਧਾਨ ਸਭਾ ਵਿਚ ਪਾਸ ਕਰਕੇ ਸਕੂਲਾਂ ਵਿਚ ਖ਼ਾਲੀ ਪਈਆਂ ਅਸਾਮੀਆਂ ’ਤੇ ਲਗਾਇਆ ਜਾਵੇ। ਮੀਟਿੰਗ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਬੰਗਾਲ ਵਿਚ ਕਾਬਜ਼ ਹੋਈ ਧਿਰ ਵੱਲੋਂ ਕੀਤੀ ਜਾ ਰਹੀ ਭੰਨਤੋੜ ਤੇ ਗੁੰਡਾਗਰਦੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਮੰਗ ਕੀਤੀ ਜਾਂਦੀ ਹੈ ਕਿ ਉਪਰੋਕਤ ਵਰਤਾਰਾ ਤੁਰੰਤ ਬੰਦ ਕੀਤਾ ਜਾਵੇ ਤੇ ਸੁਖਾਵਾਂ ਮਾਹੌਲ ਸਿਰਜਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਇਆ ਜਾਵੇ। ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 30 ਜੂਨ ਤੱਕ ਡੀਏ ਤੇ ਬਕਾਏ ਦੇਣ ਦੇ ਅਦਾਲਤੀ ਹੁਕਮਾਂ ਵਿਰੁੱਧ ਐੱਲਪੀਏ ਪਾਉਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਡੀਏ ਤੇ ਬਕਾਏ ਤੁਰੰਤ ਦੇਣ ਦੀ ਮੰਗ ਕੀਤੀ ਗਈ। ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੇ ਆਖ਼ਰ ਵਿਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਘਰਾਂ ਵਿਚ ਬੈਠੇ ਮੈਂਬਰਾਂ ਨੂੰ ਨਿਮਰਤਾ ਸਹਿਤ ਅਪੀਲ ਵੀ ਕੀਤੀ ਕਿ ਸਮੂਹ ਮੈਂਬਰ ਐਸੋਸੀਏਸ਼ਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਾਸਿਕ ਮੀਟਿੰਗ ਵਿਚ ਤੇ ਹੋਰ ਸੰਘਰਸ਼ਾਂ ਵਿਚ ਸ਼ਮੂਲੀਅਤ ਕਰਨ ਲਈ ਗੰਭੀਰਤਾ ਨਾਲ ਉਪਰਾਲਾ ਜ਼ਰੂਰ ਕਰਨ ਤਾਂ ਜੋ ਮੰਗਾਂ ਨੂੰ ਮੰਨਵਾਉਣ ਲਈ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ। ਮੀਟਿੰਗ ’ਚ ਮੋਹਣ ਸਿੰਘ ਭੱਟੀ, ਪ੍ਰਮੋਦ ਕੁਮਾਰ ਜੋਸ਼ੀ, ਕ੍ਰਿਸ਼ਨ ਗੋਪਾਲ ਚੋਪੜਾ, ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ ਖੱਟਕੜ, ਸੀਤਲ ਰਾਮ ਬੰਗਾ, ਕੇਕੇ ਪਾਂਡੇ, ਜਗਦੀਸ਼ ਕਲੇਰ, ਪਿਆਰਾ ਰਾਮ ਜੱਸੀ, ਹਰਭਜਨ ਲਾਲ ਕੌਲ, ਜੋਗਿੰਦਰ ਸਿੰਘ, ਰਤਨ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।