ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਦੀ ਸੂਬਾਈ ਕਨਵੈਨਸ਼ਨ 17 ਨੂੰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਦੀ ਸੂਬਾਈ ਕਨਵੈਨਸ਼ਨ 17 ਮਈ ਨੂੰ : ਸਤੀਸ਼ ਰਾਣਾ
Publish Date: Wed, 06 May 2026 06:13 PM (IST)
Updated Date: Wed, 06 May 2026 06:14 PM (IST)

ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ 2027 ਵਿੱਚ ਘਰ ਬਿਠਾ ਦਿੱਤਾ ਜਾਵੇਗਾ : ਸੰਜੀਵ ਕੌਂਡਲ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪੈਨਸ਼ਨਰ ਆਗੂ ਮਾਸਟਰ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸੂਬਾਈ ਕਨਵੀਨਰ ਸਤੀਸ਼ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਸੰਜੀਵ ਕੌਂਡਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਵੱਖ ਵੱਖ ਮੰਗਾਂ ਤੇ ਮੁਦਿਆਂ ਤੇ ਵਿਚਾਰਾਂ ਹੋਈਆਂ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 17 ਮਈ ਨੂੰ ਸਾਂਝੇ ਫਰੰਟ ਵੱਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਦੌਰਾਨ ਸਰਕਾਰ ਨੂੰ ਸਾਡੀਆਂ ਮੁੱਖ ਮੰਗਾਂ ’ਤੇ ਘੇਰਿਆ ਜਾਵੇਗਾ, ਜਿਸ ਵਿਚ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਅਤੇ ਕੇਂਦਰ ਸਰਕਾਰ ਬਰਾਬਰ ਡੀ ਏ ਲਾਗੂ ਕਰਨਾ ਆਦਿ ਮੁੱਖ ਮੰਗਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਜੇਕਰ ਪੂਰੇ ਨਹੀਂ ਕਰਦੀ ਤਾਂ 2027 ਵਿੱਚ ਸਰਕਾਰ ਦੇ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਘਰ ਬਿਠਾ ਦਿੱਤਾ ਜਾਵੇਗਾ। ਇਸ ਮੌਕੇ ਵੱਖ ਵੱਖ ਆਗੂਆਂ ਨੂੰ ਕਨਵੈਨਸ਼ਨ ਦੀ ਤਿਆਰੀ ਸਬੰਧੀ ਡਿਊਟੀਆਂ ਦੀ ਵੰਡ ਕਰ ਦਿੱਤੀ ਗਈ ਹੈ। ਮੀਟਿੰਗ ’ਚ ਬਿਜਲੀ ਬੋਰਡ ਦੀ ਪੈਨਸ਼ਨਰ ਜਥੇਬੰਦੀ (ਭੱਠਲ) ਗਰੁੱਪ ਦੇ ਪ੍ਰੇਮ ਲਾਲ, ਪੈਨਸ਼ਨਰ ਕਨਫੈਡਰੇਸ਼ਨ (ਧਨੋਆ) ਦੇ ਮਾਸਟਰ ਮਨੋਹਰ ਲਾਲ ਹਰਮੇਸ਼ ਚੰਦਰ, ਪਵਨ ਮਸੀਹ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਵੇਦਰਾਜ ਗੜ੍ਹਾ, ਪਸਸਫ (ਰਾਣਾ) ਦੇ ਪੁਸ਼ਪਿੰਦਰ ਕੁਮਾਰ ਵਿਰਦੀ, ਸੰਜੀਵ ਕੁਮਾਰ ਕੌਂਡਲ, ਜਗੀਰ ਸਿੰਘ, ਰਾਜਨ ਕੁਮਾਰ, ਕਰਮਜੀਤ ਸਿੰਘ ਸੋਨੂ ਅਤੇ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾ ਆਗੂ ਤੀਰਥ ਸਿੰਘ ਬਾਸੀ ਹਾਜ਼ਰ ਸਨ।