ਭੁਲੱਥ ’ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਦਿਵਸ ਧੂਮ ਧਾਮ ਨਾਲ ਮਨਾਇਆ

- ਵੱਖ-ਵੱਖ ਆਗੂਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਲਾਲ ਝੰਡੇ ਵਾਲੇ ਜਾਤਾਂ ਦੀ ਨਹੀਂ ਜਮਾਤਾਂ ਦੀ ਗੱਲ ਕਰਿਆ ਕਰਦੇ ਹਨ ਤੇ ਸਾਡੀ ਲੜਾਈ ਜਮਾਤੀ ਘੋਲਾਂ ਦੀ ਲੜਾਈ ਹੈ, ਜੋ ਸਿਸਟਮ ਖ਼ਿਲਾਫ਼ ਚਲਦੀ ਆ ਰਹੀ ਹੈ ਤੇ ਚਲਦੀ ਰਹੇਗੀ। ਇਹ ਪ੍ਰਗਟਾਵਾ ਭੁਲੱਥ ਵਿਖੇ ਮਜ਼ਦੂਰ ਦਿਵਸ ਮਨਾਉਣ ਸਬੰਧੀ ਚੱਲ ਰਹੇ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਕਾਮਰੇਡ ਮੇਹਰ ਚੰਦ ਸਿੱਧੂ ਨੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲੋੜ ਹੈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨੇ ਦਾ, ਗਦਰੀ ਬਾਬਿਆਂ ਦੀ ਸੋਚ ਵਾਲਾ ਸਮਾਜ ਸਿਰਜਣ ਦੀ। ਇਸ ਮੌਕੇ ਉਨ੍ਹਾਂ ਨੇ ਸੰਨ 1886 ਦੇ ਵਿਦਰੋਹ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਗੋ ਦੇ ਸ਼ਹੀਦ ਸਾਥੀ ਮਜ਼ਦੂਰਾਂ ਨੂੰ ਲਾ ਸਲਾਮ ਕਹਿੰਦਿਆਂ ਸ਼ਰਧਾਂਜਲੀ ਭੇਟ ਕੀਤੀ ਤੇ ਆਪਣੀ ਕਲਮ ਦੁਆਰਾ ਲਿਖੀ ਕਵਿਤਾ ਉੱਠ ਦੇਸ਼ ਮੇਰੇ ਦੇ ਕਿਰਤੀਆਂ ਵੀ ਪੇਸ਼ ਕੀਤੀ। ਮਜ਼ਦੂਰ ਦਿਵਸ ਮਨਾਉਣ ਸਬੰਧੀ ਸਮਾਗਮ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਬਚਨ ਸਿੰਘ ਯਾਦਵ ਨੇ ਕਿਹਾ ਕਿ ਜਿਨ੍ਹਾਂ ਮਜ਼ਦੂਰ ਸਾਥੀਆਂ ਦੇ ਲਾਭਪਾਤਰੀ ਕਾਰਡ ਹਲੇ ਤੱਕ ਨਹੀਂ ਬਣੇ, ਉਹ ਬਹੁਤ ਜਲਦੀ ਬਣਵਾਉਣ ਤੇ ਸ਼ਿਕਾਗੋ ਦੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਰਾਜਪਾਲ ਨਾਹਰ ਨੇ ਕਿਹਾ ਕਿ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਸਬੰਧੀ ਜਿਹੜੇ 40 ਕਾਨੂੰਨ ਰੱਦ ਕੀਤੇ ਗਏ ਹਨ, ਉਹ ਬਹਾਲ ਕੀਤੇ ਜਾਣ ਤੇ ਫੈਕਟਰੀ ਅੰਦਰ ਅੱਠ ਘੰਟੇ ਦੇ ਕੰਮ ਨੂੰ ਵਧਾ ਕੇ 12 ਘੰਟੇ ਕੀਤਾ ਗਿਆ ਹੈ, ਉਹ ਦੁਬਾਰਾ ਅੱਠ ਘੰਟੇ ਕੀਤਾ ਜਾਵੇ, ਨਹੀਂ ਤਾਂ ਮਜ਼ਦੂਰ ਜਮਾਤ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਮਜ਼ਦੂਰ ਆਗੂ ਸਦਾ ਨੰਦ ਮਹਿਤਾ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਅਮਨਦੀਪ ਕੁਮਾਰ, ਹਰਦੀਪ ਸਿੰਘ ਬਾਜਵਾ, ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਲਖਵਿੰਦਰ ਸਿੰਘ ਸੈਕਟਰੀ ਕਮਰਾਏ, ਪ੍ਰਧਾਨ ਹਕੂਮਤ ਸਿੰਘ ਕਮਰਾਏ, ਮਹਾਨੰਦ ਮਹਿਤਾ ਬੇਗੋਵਾਲ, ਸ਼ੰਕਰ ਸ਼ਾਹ, ਅਵਰਿੰਦਰ ਕੁਮਾਰ, ਰਾਜਵਿੰਦਰ ਪਾਲ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਤੇ ਹੋਰਨਾਂ ਵੱਲੋਂ ਸੰਬੋਧਨ ਕੀਤਾ ਗਿਆ। ਸਟੇਜ ਦੀ ਕਾਰਵਾਈ ਮਜ਼ਦੂਰ ਆਗੂ ਅਬਦੇਸ਼ ਯਾਦਵ ਵੱਲੋਂ ਬਾਖੂਬੀ ਨਿਭਾਈ ਗਈ ਤੇ ਅਮਨਦੀਪ ਕੁਮਾਰ ਵੱਲੋਂ ਆਏ ਹੋਏ ਪਤਵੰਤੇ ਮਜ਼ਦੂਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸਕੱਤਰ ਸੀਪੀਆਈ ਕਾਮਰੇਡ ਜਸਬੀਰ ਸਿੰਘ, ਕਾਮਰੇਡ ਗੋਬਿੰਦਰ ਸਿੰਘ ਸਾਬੀ ਕੂਕਾ ਤਲਵੰਡੀ, ਗੁਰਧਿਆਨ ਸਿੰਘ ਕਮਰਾਏ, ਠੇਕੇਦਾਰ ਜੋਗਿੰਦਰ ਪਾਲ ਸਿੱਧੂ, ਸੰਤੋਸ਼ ਯਾਦਵ, ਗੁਲਾਬ ਯਾਦਵ, ਸਾਵਨ ਸਾਈ, ਸ਼ੁਭਾਸ਼ ਕੁਮਾਰ, ਸੰਤ ਰਾਮ, ਸੰਤੋਸ਼ ਕੁਮਾਰ, ਮੁਕੇਸ਼ ਕੁਮਾਰ, ਖਰੀਸ਼ ਕੁਮਾਰ, ਡੋਨੀ ਯਾਦਵ, ਰੱਜੋ, ਮੈਨੇਜੇਸ਼ ਕੁਮਾਰ, ਪਾਲ ਚੰਦ, ਮਿੰਟੂ ਕੁਮਾਰ, ਮੁਕੇਸ਼ ਮੰਡਲ ਆਦਿ ਹਾਜ਼ਰ ਸਨ।