ਪਿੰਡ ਚਹੇੜੂ ’ਚ ਲਾਵਾਰਿਸ ਕਾਰ ’ਚੋਂ ਮਿਲਿਆ ਪਿਸਟਲ
ਪਿੰਡ ਚਹੇੜੂ ਚ ਖੜੀ ਲਾਵਾਰਿਸ ਕਾਰ ਚੋਂ ਮਿਿਲਆ ਪਿਸ਼ਟਲ
Publish Date: Mon, 20 Apr 2026 09:18 PM (IST)
Updated Date: Mon, 20 Apr 2026 09:21 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਚਹੇੜੂ ਵਿਖੇ ਇਕ ਲਾਵਾਰਿਸ ਗੱਡੀ ਦੇ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਗੱਡੀ ਉੱਪਰ ਪੰਜਾਬ ਪੁਲਿਸ ਦਾ ਸਟੀਕਰ ਵੀ ਲੱਗਾ ਹੋਇਆ ਸੀ। ਇਸ ਗੱਡੀ ਦੀ ਜਾਣਕਾਰੀ ਰਾਹਗੀਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਤੇ ਥਾਣਾ ਸਦਰ ਦੇ ਐੱਸਐੱਚਓ ਅਨਿਲ ਕੁਮਾਰ ਨੇ ਮੌਕੇ ’ਤੇ ਜਾਂਚ ਸ਼ੁਰੂ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਚਓ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਨਜ਼ਦੀਕੀ ਪਿੰਡ ਚਹੇੜੂ ਵਿਖੇ ਇਕ ਕਾਲੇ ਰੰਗ ਦੀ ਵਰਨਾ ਕਾਰ ਪੀਬੀ 08 ਸੀਐੱਚ 5818 ਲਾਵਾਰਸ ਖੜ੍ਹੀ ਹੈ। ਜਦੋਂ ਕਾਰ ਦੀ ਜਾਂਚ ਕੀਤੀ ਤਾਂ ਇਸ ਵਿਚੋਂ ਇਕ ਚਾਈਨਾ ਮੇਡ ਪਿਸਟਲ ਵੀ ਬਰਾਮਦ ਹੋਇਆ। ਐੱਸਐੱਚਓ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਫਗਵਾੜਾ ਸ਼ਹਿਰ ਅੰਦਰ ਬਿਨਾਂ ਕਿਸੇ ਅਥਾਰਟੀ ਤੋਂ ਕੁਝ ਲੋਕ ਪੁਲਿਸ ਤੋਂ ਬਚਣ ਲਈ ਵਾਹਨਾਂ ’ਤੇ ਪ੍ਰੈੱਸ ਲਿਖਵਾ ਕੇ ਘੁੰਮਦੇ ਨਜ਼ਰ ਆ ਜਾਣਗੇ। ਇਸੇ ਤਰ੍ਹਾਂ ਹੁਣ ਜੋ ਵਰਨਾ ਕਾਰ ਬਰਾਮਦ ਹੋਈ ਹੈ, ਉਸ ਉੱਪਰ ਪੁਲਿਸ ਦਾ ਸਟੀਕਰ ਲੱਗਾ ਹੋਇਆ ਹੈ ਤੇ ਉਸ ਵਿਚੋਂ ਬਰਾਮਦ ਪਿਸਟਲ ਨੇ ਲੋਕਾਂ ਦੇ ਡਰ ਨੂੰ ਵਧਾ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੂੰ ਸਖਤੀ ਨਾਲ ਬਿਨਾਂ ਅਥਾਰਟੀ ਦੋਪਹੀਆ ਵਾਹਨਾਂ ’ਤੇ ਪ੍ਰੈੱਸ ਲਿਖਣ ਵਾਲਿਆਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ।