ਪਾਵਨ ਨਗਰੀ ਦੇ ਸਵਾਗਤੀ ਗੇਟ ਦੇ ਬਾਹਰ ਲੱਗੇ ਗੰਦਗੀ ਤੇ ਕੂੜੇ ਦੇ ਢੇਰ

- ਪ੍ਰਸ਼ਾਸਨ ਤੁਰੰਤ ਗੰਦਗੀ ਦੇ ਲੱਗੇ ਢੇਰਾਂ ਵੱਲ ਧਿਆਨ ਦੇਵੇ : ਨਵਤੇਜ ਚੀਮਾ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਗੋਇੰਦਵਾਲ ਮੁੱਖ ਪਵਿੱਤਰ ਮਾਰਗ ’ਤੇ ਜਗਤ ਮਾਤਾ ਸੁਲੱਖਣੀ ਜੀ ਐਂਟਰੀ ਗੇਟ ਲਾਗੇ ਲੱਗੇ ਗੰਦਗੀ ਦੇ ਢੇਰਾਂ ਨਾਲ ਦੇਸ਼-ਵਿਦੇਸ਼ ਤੋਂ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਪੁੱਜਦੀਆਂ ਸੰਗਤਾਂ ਦੇ ਮਨਾਂ ਵਿੱਚ ਠੇਸ ਪਹੁੰਚਦੀ ਹੈ ਅਤੇ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਸਿੱਖ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਗੰਦਗੀ ਦੇ ਢੇਰਾਂ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਵਾਲ ਕਰਦਿਆਂ ਕਿਹਾ ਕਿ ਕੀ ਸਾਡੀ ਪਵਿੱਤਰ ਨਗਰੀ ਦਾ ਅਪਮਾਨ ਨਹੀਂ ਹੈ। ਪ੍ਰਮੁੱਖ ਵਿਦਵਾਨ ਗੱਤਕਾ ਕੋਚ ਤੇ ਗੁਰਸਿੱਖ ਲੜਕੀ ਗੁਰਵਿੰਦਰ ਕੌਰ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ। ਸੁਲਤਾਨਪੁਰ ਲੋਧੀ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੱਕ ਹੀ ਸੀਮਤ ਹੈ ਜਾਂ ਇਸ ਨੂੰ ਵਾਕਿਆ ਹੀ ਪਵਿੱਤਰ ਵੀ ਬਣਾਇਆ ਜਾ ਸਕੇਗਾ। ਇਹ ਸਵਾਲ ਸਭ ਦੇ ਜ਼ਿਹਨ ਵਿੱਚ ਹਾਲੇ ਵੀ ਬਰਕਰਾਰ ਹੈ। ਕੀ ਸਰਕਾਰ ਇਸ ਗੰਦਗੀ ਦੇ ਹਾਲਾਤ ਬਾਰੇ ਜਵਾਬਦੇਹ ਨਹੀਂ ਹੈ ਜਾਂ ਪ੍ਰਸ਼ਾਸਨ ਜਾਣਬੁੱਝ ਕੇ ਅੱਖਾਂ ਮੀਟ ਕੇ ਬੈਠਾ ਹੈ। ਜ਼ਿਕਰਯੋਗ ਹੈ ਕਿ 550 ਸਾਲਾ ਗੁਰਪੁਰਬ ਮੌਕੇ ਪੂਰੇ ਹਲਕੇ ਦੀ ਨੁਹਾਰ ਬਦਲ ਦਿੱਤੀ ਗਈ ਸੀ ਤੇ ਤਤਕਲੀਨ ਕਾਂਗਰਸ ਤੇ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜ ਆਪਣੇ ਮੂੰਹੋਂ ਆਪ ਬੋਲਦੇ ਸਨ ਜਿੱਥੇ ਕਾਂਗਰਸ ਦੀ ਸਰਕਾਰ ਸਮੇਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਪਾਵਨ ਨਗਰੀ ਨੂੰ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉੱਥੇ ਸੰਤਾਂ-ਮਹਾਪੁਰਸ਼ਾਂ ਤੇ ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬਹੁਤ ਵੱਡੇ ਕਾਰਜ ਕੀਤੇ ਸਨ। ਕਾਰ ਸੇਵਾ ਵਾਲੇ ਸੰਤਾਂ-ਮਹਾਪੁਰਸ਼ਾਂ ਸੰਤ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲਿਆਂ ਵੱਲੋਂ ਪਾਵਨ ਨਗਰੀ ਸ਼ਹਿਰ ਦੇ ਪ੍ਰਮੁੱਖ ਤਿੰਨ ਦੁਆਰ ’ਤੇ ਸੁੰਦਰ ਐਂਟਰੀ ਗੇਟ ਬਣਵਾ ਕੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਾ ਦਿੱਤੇ ਸਨ ਤੇ ਇਨ੍ਹਾਂ ਪ੍ਰਮੁੱਖ ਐਂਟਰੀ ਗੇਟਾਂ ਦਾ ਨਾਂ ਵੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਦੇ ਨਾਂ ’ਤੇ ਰੱਖਿਆ ਸੀ। ਪਾਵਨ ਨਗਰੀ ਸੁਲਤਾਨਪੁਰ ਲੋਧੀ ਤੋਂ ਸਿੱਖ ਕੌਮ ਦੇ ਪ੍ਰਮੁੱਖ ਧੁਰਾ ਵਜੋਂ ਜਾਣੇ ਜਾਂਦੇ ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਕ ਮਾਰਗ ’ਤੇ ਅਕਾਲ ਅਕੈਡਮੀ ਸਕੂਲ ਦੇ ਨਜ਼ਦੀਕ ਜਗਤ ਮਾਤਾ ਸੁਲੱਖਣੀ ਜੀ ਦੀ ਯਾਦ ਵਿੱਚ ਸੁੰਦਰ ਐਂਟਰੀ ਗੇਟ ਬਣਵਾਇਆ ਸੀ ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਇੱਕ ਕਥਿਤ ਤੌਰ ’ਤੇ ਨਾਲਾਇਕੀ ਤੇ ਲਾਪ੍ਰਵਾਹੀ ਕਾਰਨ ਇਸ ਗੇਟ ਦੇ ਬਾਹਰ ਵੱਡੀ ਮਾਤਰਾ ਵਿੱਚ ਲੱਗੇ ਗੰਦਗੀ ਦੇ ਢੇਰਾਂ ਨੇ ਪਾਵਨ ਨਗਰੀ ਸ਼ਹਿਰ ਦੀ ਪਵਿੱਤਰਤਾ ਨੂੰ ਵੀ ਨਹੀਂ ਬਖਸ਼ਿਆ। ਸ਼ਹਿਰ ਦੇ ਅੰਦਰ ਵੀ ਪ੍ਰਮੁੱਖ ਧਾਰਮਿਕ ਅਸਥਾਨਾਂ ਤੇ ਵਿਦਿਆ ਮੰਦਰਾਂ ਦੇ ਅੱਗੇ ਲੱਗੇ ਕੂੜੇ ਦੇ ਢੇਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਢੰਡੋਰੇ ਦੀ ਪੋਲ ਖੋਲ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਨਗਰ ਕੌਂਸਲ ਤੇ ਸਾਰਾ ਦੋਸ਼ ਮੜ ਦਿੱਤਾ ਜਾਂਦਾ ਸੀ ਪਰ ਹੁਣ ਤਾਂ ਨਗਰ ਕੌਂਸਲਾਂ ਭੰਗ ਹੋ ਗਈਆਂ ਹਨ ਤੇ ਸਾਰਾ ਜ਼ਿੰਮਾ ਪ੍ਰਸ਼ਾਸਨ ਦੇ ਹੱਥ ਵਿੱਚ ਹੈ। ਕੀ ਸਰਕਾਰ ਜਾਂ ਪ੍ਰਸ਼ਾਸਨ ਇਸ ਗੰਦਗੀ ਦੇ ਢੇਰਾਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣਗੇ ਜਾਂ ਨਹੀਂ। ਸਿੱਖ ਧਾਰਮਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਹ ਰਸਤਾ ਗੁਰੂ ਸਾਹਿਬ ਦੇ ਨਗਰਾਂ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਹੈ ਤੇ ਇਸ ਮਾਰਗ ’ਤੇ ਜਲਦੀ ਤੋਂ ਜਲਦੀ ਕੂੜੇ ਦੇ ਢੇਰ ਹਟਾ ਕੇ ਤੇ ਕੂੜਾ ਸੁੱਟਣ ਤੇ ਪਾਬੰਦੀ ਲਾ ਕੇ ਸਜ਼ਾ ਯੋਗ ਸਖ਼ਤ ਨਿਯਮ ਬਣਾ ਕੇ ਪਾਵਨ ਨਗਰੀ ਦੀ ਮਹੱਤਤਾ ਨੂੰ ਵਧਾਇਆ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਜਿੰਨਾ ਪਵਿੱਤਰ ਤੇ ਸੁੰਦਰ ਨਗਰ 550 ਸਾਲਾਂ ਗੁਰਪੁਰਬ ਮੌਕੇ ਕਾਂਗਰਸ ਸਰਕਾਰ ਸਮੇਂ ਉਨ੍ਹਾਂ ਵੱਲੋਂ ਬਣਾਇਆ ਗਿਆ ਸੀ ਤੇ ਇਹ ਸ਼ਹਿਰ ਸੁੰਦਰਤਾ ਵਜੋਂ ਚੌਥੇ ਸਥਾਨ ’ਤੇ ਆ ਗਿਆ ਸੀ ਪਰ ਬਦਕਿਸਮਤੀ ਤੇ ਸਰਕਾਰ ਅਤੇ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਅੱਜ ਇਹ ਪਵਿੱਤਰ ਨਗਰ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ, ਸੀਵਰੇਜ ਓਵਰਫਲੋਅ ਕਾਰਨ 130ਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜਿਸ ਨਾਲ ਹਰੇਕ ਸ਼ਰਧਾਲੂ ਦਾ ਸਿਰ ਝੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਤੇ ਸਾਫ ਬਣਾਉਣ ਵਿੱਚ ਤੁਰੰਤ ਸਰਕਾਰ ਤੇ ਪ੍ਰਸ਼ਾਸਨ ਨੂੰ ਧਿਆਨ ਦੇ ਕੇ ਮੁੱਖ ਐਂਟਰੀ ਗੇਟਾਂ ਦੇ ਬਾਹਰ ਲੱਗੇ ਕੂੜੇ ਤੇ ਗੰਦਗੀ ਦੇ ਢੇਰਾਂ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ।