ਸੜਕਾਂ ਦੀ ਤਰਸਯੋਗ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

--ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਮਹਿਕਮੇ ਨੂੰ ਕੋਸਿਆ
--ਜਲਦ ਨਵੀਆਂ ਸੜਕਾਂ ਬਨਾਉਂਣ ਦੀ ਕੀਤੀ ਮੰਗ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਕਪੂਰਥਲਾ ਦੇ ਕਸਬਾਨੁਮਾ ਪਿੰਡ ਸਿੱਧਵਾਂ ਦੋਨਾਂ ਤੋਂ ਨਿਕਲਦੀਆਂ Çਲਿੰਕ ਸੜਕਾਂ ਦੀ ਮਾੜੀ ਅਤੇ ਤਰਸਯੋਗ ਹਾਲਤ ਤੋਂ ਲੰਘਣ ਵਾਲੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਬਲੱਗਣ ਸਰਪੰਚ ਕਾਹਲਵਾਂ, ਨਿਰਮਲ ਸਿੰਘ ਢਿੱਲੋਂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ, ਜਸਵੰਤ ਸਿੰਘ ਚਾਹਲ ਸਰਪੰਚ ਭਾਣੋ ਲੰਗਾ, ਸਰਦੂਲ ਸਿੰਘ ਕਾਹਲੋਂ ਸਰਪੰਚ ਸਿਆਲਾ, ਕੁਲਵੰਤ ਰਾਏ ਭੱਲਾ ਸਾਬਕਾ ਸਰਪੰਚ ਥਿੱਗਲੀ, ਤਰਸੇਮ ਸਿੰਘ ਲਵਲੀ ਸਰਪੰਚ ਤੋਗਾਂਵਾਲ, ਇੰਦਰ ਸਿੰਘ ਸਾਬਕਾ ਸਰਪੰਚ ਤੋਗਾਂਵਾਲ, ਬੱਗਾ ਸਰਪੰਚ ਸ਼ਾਲਾਪੁਰ, ਸਤਵਿੰਦਰ ਸਿੰਘ ਨੰਬਰਦਾਰ ਸ਼ਾਲਾਪੁਰ, ਸੁਖਪਾਲ ਸਿੰਘ ਸਿੱਧੂ, ਮਾਸਟਰ ਵਿਜੈ ਕੁਮਾਰ ਸ਼ਰਮਾ, ਰਖਬੀਰ ਸਿੰਘ ਸਿੱਧੂ, ਜਸਵਿੰਦਰ ਸਿੰਘ ਸਿੱਧੂ ਮੈਂਬਰ ਪੰਚਾਇਤ ਸਿੱਧਵਾਂ, ਗੁਰਬਚਨ ਲਾਲ ਲਾਲੀ ਸਾਬਕਾ ਸਰਪੰਚ ਵਰਿ੍ਹਆਂਹ ਦੋਨਾ ਆਦਿ ਹੋਰ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਰਜ਼ਾਪੁਰ ਤੋਂ ਕੁਲਾਰਾ ਵਾਇਆ ਸਿੱਧਵਾਂ ਦੋਨਾਂ ਜਿਹੜੀ ਸੜਕ 13.97 ਕਿਲੋਮੀਟਰ ਲੰਬੀ ਹੈ, ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਇਹ ਸੜਕ ਰਜ਼ਾਪੁਰ ਤੋਂ ਚੱਲ ਕੇ ਪਿੰਡ ਆਰੀਆਂਵਾਲ, ਦੋਲੋਰਾਈਆ, ਭੰਡਾਲ ਦੋਨਾ, ਮਾਛੀਪਾਲ ਅਤੇ ਕਾਹਲਵਾਂ ਆਦਿ ਪਿੰਡਾਂ ਦੇ ਬੱਸ ਸਟਾਪਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ, ਜਿਸ ਕਾਰਨ ਆਉਂਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ’ਤੇ ਪਏ ਵੱਡੇ-ਵੱਡੇ ਟੋਏ ਨਿਤ ਦਿਨ ਹਾਦਸਿਆਂ ਨੂੰ ਸੱਦਾ ਦਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸਿੱਧਵਾਂ ਕਾਹਲਵਾਂ ਵਿਚਕਾਰ ਲੰਘਦੀ ਇੱਬਣ ਮਾਈਨਰ ਨਹਿਰ ’ਤੇ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਪੁਲੀ ਪਹਿਲਾਂ ਤਾਂ ਕਈ ਸਾਲ ਪੂਰੀ ਹੀ ਨਹੀਂ ਕੀਤੀ ਗਈ। ਇਲਾਕਾ ਵਾਸੀਆਂ ਦੇ ਕਹਿਣ ’ਤੇ ਪੁਲੀ ਨੂੰ ਬਨਾਉਣ ਦਾ ਕੰਮ ਸ਼ੁਰੂ ਹੋਇਆ ਨੂੰ 2 ਸਾਲ ਹੋਣ ਦੇ ਬਾਵਜੂਦ ਵੀ ਇਹ ਪੁਲੀ ਅੱਧ ਵਿਚਾਲੇ ਹੀ ਹੈ, ਜਿਸ ਤੇ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਉਕਤ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਸਿੱਧਵਾਂ ਦੋਨਾਂ ਤੋਂ ਆਧੀ ਖੂਹੀ ਤੱਕ ਨਹਿਰ ਦੇ ਕਿਨਾਰੇ-ਕਿਨਾਰੇ ਬਣਾਈ ਗਈ ਸੜਕ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਨਹਿਰੀ ਵਿਭਾਗ ਵੱਲੋਂ ਇੱਬਣ ਮਾਈਨਰ ਨਹਿਰ ਨੂੰ ਪੱਕਾ ਬਨਾਉਂਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਉਦੋਂ ਵਿਭਾਗ ਨੇ ਨਹਿਰ ਦੇ ਕਿਨਾਰੇ ਮਿੱਟੀ ਪਾ ਕੇ ਸੜਕ ਦਾ ਕਾਫੀ ਹਿੱਸਾ ਮਿੱਟੀ ਹੇਠਾਂ ਨੱਪ ਦਿੱਤਾ ਜਿਸ ਕਾਰਨ ਇਕ ਤਾਂ ਸੜਕ ਦੀ ਚੌੜਾਈ ਘੱਟ ਗਈ ਦੂਸਰਾ ਸੜਕ ਦੇ ਵਿਚਕਾਰ ਵੱਡੇ-ਵੱਡੇ ਟੋਏ ਬਣ ਗਏ ਜੋ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ। ਇਸੇ ਤਰ੍ਹਾਂ ਹੀ ਸਿੱਧਵਾਂ ਦੋਨਾਂ ਤੋਂ ਭਾਣੋ ਲੰਗਾ ਅੱਡੇ ਤੱਕ ਕਰੀਬ 6 ਕਿਲੋਮੀਟਰ ਸੜਕ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਬਣੀ ਹੋਈ ਹੈ ਕਿ ਇਸ ਵਿਚ ਸੜਕ ਘੱਟ ਜਦਕਿ ਟੋਏ ਜ਼ਿਆਦਾ ਦਿਸਦੇ ਹਨ ਤੇ ਇਸ ਸੜਕ ’ਤੇ ਪੈਦਲ ਲੰਘਣਾ ਵੀ ਮੁਸ਼ਕਿਲ ਬਣਿਆ ਹੋਇਆ ਹੈ। ਉਕਤ ਵਿਅਕਤੀਆਂ ਨੇ ਸੜਕਾਂ ਦੀਆਂ ਤਰਸਯੋਗ ਹਾਲਤਾਂ ਨੂੰ ਦੇਖਦਿਆਂ ਕਿਹਾ ਕਿ ਨਾ ਤਾਂ ਇਨ੍ਹਾਂ ਸੜਕ ਵਾਲੇ ਪਾਸੇ ਸਰਕਾਰ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਬੰਧਤ ਮਹਿਕਮੇ ਤੇ ਪ੍ਰਸਾਸ਼ਨ ਵੱਲੋਂ ਹੀ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ। ਉਕਤ ਮੋਹਤਬਰ ਵਿਅਕਤੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਤਰਸਯੋਗ ਸੜਕਾਂ ਤੇ ਪੁਲੀਆਂ ਨੂੰ ਤੁਰੰਤ ਬਣਵਾਇਆ ਜਾਵੇ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ।
--ਕੀ ਕਹਿੰਦੇ ਹਨ ਐਕਸੀਅਨ ਮੰਡੀ ਬੋਰਡ
ਪੰਜਾਬ ਮੰਡੀ ਬੋਰਡ ਦੇ ਐਕਸੀਅਨ ਰਾਜੇਸ਼ ਨਾਲ ਜਦੋਂ ਸੜਕਾਂ ਦੀ ਤਰਸਯੋਗ ਹਾਲਤ ਅਤੇ ਅਧੂਰੀ ਪੁਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੜਕ ਬਨਾਉਣ ਸਬੰਧੀ ਮਨਜ਼ੂਰੀ ਵਾਸਤੇ ਲਿਖਤੀ ਭੇਜਿਆ ਹੋਇਆ ਹੈ, ਜਦੋਂ ਵੀ ਇਸਦੀ ਮਨਜ਼ੂਰੀ ਮਿਲੇਗੀ ਤੁਰੰਤ ਹੀ ਇਹ ਸੜਕ ਨਵੀਂ ਬਣਾ ਦਿੱਤੀ ਜਾਵੇਗੀ। ਅਧੂਰੀ ਪੁਲੀ ਬਾਰੇ ਉਨ੍ਹਾਂ ਦੱਸਿਆ ਕਿ ਇਹ ਪੁਲੀ ਪਹਿਲਾਂ ਤਾਂ ਬਰਸਾਤ ਕਾਰਨ ਨਹੀਂ ਬਣੀ ਜਦਕਿ ਬਾਅਦ ਵਿਚ ਧੁੰਦਾਂ ਦਾ ਮੌਸਮ ਹੋਣ ਕਾਰਨ ਕੰਮ ਰੁਕਿਆ ਰਿਹਾ ਜਦਕਿ ਹੁਣ ਇਸ ਪੁਲੀ ਦਾ ਅਧੂਰਾ ਕੰਮ ਵੀ ਛੇਤੀ ਪੂਰਾ ਕਰ ਦਿੱਤਾ ਜਾਵੇਗਾ।