ਜੀਡੀਆਰ ਸਕੂਲ ’ਚ ਮਨਾਈ ਗਈ ਪਰਸ਼ੂਰਾਮ ਜਯੰਤੀ
ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਵਿੱਚ ਮਨਾਈ ਗਈ ਪਰਸ਼ੁਰਾਮ ਜਯੰਤੀ ਅਤੇ ਵਿਸ਼ਵ ਵਿਰਾਸਤ ਦਿਵਸ
Publish Date: Mon, 20 Apr 2026 07:03 PM (IST)
Updated Date: Mon, 20 Apr 2026 07:06 PM (IST)

ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਚ ਜੈਸਮੀਨ ਹਾਊਸ ਵੱਲੋਂ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ ਦਾ ਮੁੱਖ ਉਦੇਸ਼ ਵਿਸ਼ਵ ਵਿਰਾਸਤ ਦਿਵਸ ਤੇ ਭਗਵਾਨ ਪਰਸ਼ੂਰਾਮ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣਾ ਸੀ। ਇਸ ਸਭਾ ਦੀ ਯੋਜਨਾ ਜੈਸਮੀਨ ਹਾਊਸ ਦੀ ਪ੍ਰਧਾਨ ਮੈਡਮ ਹਰਪ੍ਰੀਤ ਵੱਲੋਂ ਤਿਆਰ ਕੀਤੀ ਗਈ। ਕਲਾਸ ਨੌਵੀਂ ਦੀ ਵਿਦਿਆਰਥਣ ਰਿਸ਼ੀਮਾ ਨੇ ਪਰਸ਼ੂਰਾਮ ਜਯੰਤੀ ਬਾਰੇ ਦੱਸਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ, ਜੋ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨੇ ਜਾਂਦੇ ਹਨ, ਉਨ੍ਹਾਂ ਨੇ ਧਰਤੀ ’ਤੇ ਹੋ ਰਹੇ ਪਾਪ ਤੇ ਅਤਿਆਚਾਰਾਂ ਨੂੰ ਖਤਮ ਕਰਨ ਦਾ ਸੰਕਲਪ ਕੀਤਾ ਸੀ। ਉਨ੍ਹਾਂ ਦਾ ਜੀਵਨ ਸਾਨੂੰ ਅਨਿਆਇ ਦੇ ਖ਼ਿਲਾਫ਼ ਡਟ ਕੇ ਆਵਾਜ਼ ਉਠਾਉਣ ਦੀ ਪ੍ਰੇਰਣਾ ਦਿੰਦਾ ਹੈ। ਇਸ ਦੇ ਨਾਲ ਹੀ ਵਿਸ਼ਵ ਵਿਰਾਸਤ ਦਿਵਸ ਬਾਰੇ ਕਲਾਸ ਨੌਵੀਂ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਪਹਿਲੀ ਵਾਰ 18 ਅਪ੍ਰੈਲ 1982 ਨੂੰ ਟਿਊਨੀਸ਼ੀਆ ਵਿਚ ਮਨਾਇਆ ਗਿਆ ਸੀ ਤੇ 1983 ਵਿਚ ਇਸਨੂੰ ਯੂਨੇਸਕੋ ਵੱਲੋਂ ਮਾਨਤਾ ਮਿਲੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਸਾਡੇ ਭਾਰਤ ਵਿਚ ਬਹੁਤ ਸਾਰੇ ਅਜਿਹੇ ਸਥਾਨ ਹਨ ਜਿਨ੍ਹਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸੇ ਵਿਚਾਰ ਨੂੰ ਧਿਆਨ ਵਿਚ ਰੱਖਦੇ ਹੋਏ ਜੈਸਮੀਨ ਹਾਊਸ ਦੀ ਮੈਂਬਰ ਮੈਡਮ ਗੁਰਪਿੰਦਰ ਕੌਰ ਦੀ ਅਗਵਾਈ ਵਿਚ ਹਾਊਸ ਦੀਆਂ ਵਿਦਿਆਰਥਣਾਂ ਨੇ ਇਕ ਸੁੰਦਰ ਨੁੱਕੜ ਨਾਟਕ ਪੇਸ਼ ਕੀਤਾ। ਇਸੇ ਕੜੀ ਵਿਚ ਸਕੂਲ ਦੀ ਕਲਾਸ ਸੱਤਵੀਂ ਦੇ ਵਿਦਿਆਰਥੀਆਂ ਨੂੰ ਦੇਵੀ ਤਲਾਬ ਮੰਦਰ, ਜਲੰਧਰ ਲੈ ਜਾਇਆ ਗਿਆ। ਅਧਿਆਪਕਾਂ ਦੇ ਮਾਰਗਦਰਸ਼ਨ ਹੇਠ ਬੱਚਿਆਂ ਨੂੰ ਮੰਦਰ ਦੇ ਇਤਿਹਾਸ, ਇਸ ਦੀ ਵਾਸਤੁਕਲਾ ਤੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।