ਗੈਰ ਵਿੱਦਿਅਕ ਡਿਊਟੀਆਂ ਨੇ ਸਕੂਲ ਕੀਤੇ ਖਾਲੀ ,ਗਰੀਬਾਂ ਦੀ ਸਿੱਖਿਆ ਦਾ ਕੋਈ ਨਹੀਂ ਵਾਲੀ : ਡੀਟੀਐਫ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਅੱਜ ਕੱਲ੍ਹ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਆਪਕ ਹਨ, ਵੰਨ-ਸੁਵੰਨੀਆਂ ਗੈਰ ਵਿੱਦਿਅਕ ਡਿਊਟੀਆਂ ਵਿੱਚ ਉਲਝਾ ਦਿੱਤੇ ਗਏ ਹਨ। ਇੱਕ ਪਾਸੇ ਜਨਗਣਨਾ ਦੀ ਡਿਊਟੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਡਰੱਗ ਸੈਂਸਜ ਵੀ ਬਰਾਬਰ ਚੱਲ ਰਹੀ ਹੈ। ਇਸ ਤੋਂ ਪਹਿਲਾਂ ਚੋਣ ਵਿਭਾਗ ਦੀ ਭਾਰੀ ਭਰਕਮ ਸਪੈਸ਼ਲ ਐੱਸਆਈਆਰ ਨੇ ਅਧਿਆਪਕਾਂ ਦੀ ਬਹੁਤ ਵੱਡੀ ਗਿਣਤੀ ਨੂੰ ਸਕੂਲਾਂ ’ਚੋਂ ਬਾਹਰ ਧੱਕਿਆ ਹੋਇਆ ਹੈ। ਇੱਥੇ ਹੀ ਬਸ ਨਹੀਂ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਉਣ ਦੀ ਵੀ ਘੋਸ਼ਣਾ ਹੋ ਗਈ ਹੈ ਤੇ ਅਧਿਆਪਕ ਸਕੂਲ ਛੱਡ ਕੇ ਚੋਣ ਰਿਹਰਸਲ ’ਤੇ ਭੇਜ ਦਿੱਤੇ ਗਏ ਹਨ। ਇਨ੍ਹਾਂ ਸਾਰੇ ਕੰਮਾਂ ਨੇ ਸਕੂਲਾਂ ਵਿੱਚ ਪੜ੍ਹਾਈ ਦਾ ਇੰਨਾ ਨੁਕਸਾਨ ਕਰ ਦਿੱਤਾ ਹੈ, ਜਿਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਤੇ ਜਨਰਲ ਸਕੱਤਰ ਤਜਿੰਦਰ ਅਲਾਉਦੀਪੁਰ ਨੇ ਸਰਕਾਰ ਵੱਲੋਂ ਪ੍ਰਚਾਰੀ ਜਾਂਦੀ ਸਿੱਖਿਆ ਕ੍ਰਾਂਤੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਗ਼ਰੀਬ ਤੇ ਨਿਮਨ ਮੱਧਵਰਗੀ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਜੇ ਕਿਸੇ ਮੰਤਰੀਆਂ ਜਾਂ ਅਫ਼ਸਰਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ ਤਾਂ ਉਹ ਸ਼ਾਇਦ ਇਨ੍ਹਾਂ ਵਿਦਿਆਰਥੀਆਂ ਦਾ ਦਰਦ ਸਮਝ ਸਕਦੇ। ਸਿੱਖਿਆ ਵਿਭਾਗ ਦੀ ਅਣਗਿਹਲੀ ਸਾਹਮਣੇ ਆਈ ਹੈ, ਜਿਸ ਨੇ ਆਪਣੇ ਲਗਭਗ 80 ਪ੍ਰਤੀਸ਼ਤ ਸਟਾਫ ਨੂੰ ਇਨ੍ਹਾਂ ਡਿਊਟੀਆਂ ਵਾਸਤੇ ਭੇਜਿਆ ਹੈ। ਜਿੱਥੇ ਇਨ੍ਹਾਂ ਸਾਰੀਆਂ ਡਿਊਟੀਆਂ ਨੂੰ ਪੜਾਅ ਵਾਰ ਭੁਗਤਾਇਆ ਜਾ ਸਕਦਾ ਸੀ ਉੱਥੇ ਹਰੇਕ ਵਿਭਾਗ ਵਿੱਚੋਂ ਅਨੁਪਾਤ ਅਨੁਸਾਰ ਅਮਲਾ ਫੈਲਾ ਲਿਆ ਜਾ ਸਕਦਾ ਸੀ। ਪੰਜਾਬੀ ਵਿੱਚ ਇੱਕ ਕਹਾਵਤ ਹੈ ਅਖੇ ਹਾਥੀ ਮਰਿਆ ਨਹੀਂ ਓਦਾਂ ਆਕੜ ਗਿਆ ਹੈ, ਬਿਲਕੁਲ ਉਵੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਸਾਰੇ ਸਟਾਫ ਨੂੰ ਡਿਊਟੀ ’ਤੇ ਭੇਜ ਕੇ ਫਿਰ ਵੀ ਸਕੂਲ ਖੁੱਲ੍ਹਾ ਰੱਖਣ ਦੀ ਹਦਾਇਤ ਦੇ ਰਹੇ ਹਨ। ਕੀ ਇਨ੍ਹਾਂ ਸਕੂਲਾਂ ਨੂੰ ਖੁੱਲ੍ਹਾ ਕਿਹਾ ਜਾ ਸਕਦਾ ਹੈ। ਸਕੂਲ ਸਿਰਫ ਖੁੱਲਣ ਲਈ ਨਹੀਂ ਹੁੰਦੇ ਪੜ੍ਹਨ ਲਈ ਹੁੰਦੇ ਹਨ। ਅਧਿਆਪਕਾਂ ਤੋਂ ਬਗੈਰ ਖੁੱਲ੍ਹੇ ਸਕੂਲ ਬੰਦ ਹੋਇਆਂ ਵਰਗੇ ਹੀ ਹੁੰਦੇ ਹਨ।
ਆਗੂਆਂ ਜੈਮਲ ਸਿੰਘ ਤੇ ਗੁਰਮੁਖ ਲੋਕਪ੍ਰੇਮੀ ਨੇ ਮੰਗ ਰੱਖੀ ਕਿ ਇਨ੍ਹਾਂ ਸਾਰੇ ਕੰਮਾਂ ਵਾਸਤੇ ਦਰ-ਦਰ ਠੋਕਰਾਂ ਖਾਂਦੇ ਬੇਰੁਜ਼ਗਾਰਾਂ ਨੂੰ ਲਗਾਉਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਨੂੰ ਰੁਜਗਾਰ ਵੀ ਮੁਹੱਈਆ ਹੋਵੇ ਤੇ ਸਰਕਾਰੀ ਅਦਾਰੇ ਵੀ ਪ੍ਰਭਾਵਿਤ ਨਾ ਹੋਣ। ਇਸ ਮੌਕੇ ਡੀਟੀਐੱਫ ਦੇ ਆਗੂ, ਜਸਵਿੰਦਰ ਸਿੰਘ ਘੁੱਗ, ਐੱਸਪੀ ਸਿੰਘ, ਬਲਵਿੰਦਰ ਭੰਡਾਲ, ਜਤਿੰਦਰ ਕੌਰ ਪਵਨ ਜੋਸ਼ੀ, ਹਰਵਿੰਦਰ ਵਿਰਦੀ, ਵੀਨੂੰ ਸੇਖੜੀ, ਗੌਰਵ ਗਿੱਲ, ਮਲਕੀਤ ਸਿੰਘ, ਨਰਿੰਦਰ ਭੰਡਾਰੀ, ਅਵਤਾਰ ਸਿੰਘ, ਬਲਬੀਰ ਸਿੰਘ, ਹਰਵੇਲ ਸਿੰਘ, ਗੁਰਦੀਪ ਧੰਮ, ਧਰਮਵੀਰ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸੁਖਪਾਲ ਸਿੰਘ, ਮੁਖਤਿਆਰ ਸਿੰਘ, ਦਵਿੰਦਰ ਕੁਮਾਰ, ਮੁਨਿਸ਼ਵਰ ਸ਼ਰਮਾ, ਕਰਮਜੀਤ ਸਿੰਘ, ਪਾਰਸ ਧੀਰ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਅਮਰਦੀਪ ਸਿੰਘ, ਸੁਨੀਲ ਸ਼ਰਮਾ, ਰੋਹਿਤ ਸ਼ਰਮਾ, ਸੰਤੋਖ ਸਿੰਘ, ਅਤੇ ਕੁਲਵੀਰ ਸਿੰਘ ਆਦਿ ਹਾਜ਼ਰ ਸਨ।