ਟ੍ਰੈਫਿਕ ਪ੍ਰਬੰਧ ਸੁਧਾਰਨ ਲਈ ਨਵੇਂ ਸਾਈਨ ਬੋਰਡ ਲਾਏ ਜਾ ਰਹੇ : ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ
ਕਪੂਰਥਲਾ ਵਿੱਚ ਟ੍ਰੈਫਿਕ ਪ੍ਰਬੰਧ ਸੁਧਾਰਨ ਲਈ ਨਵੇਂ ਸਾਈਨ ਬੋਰਡ ਲਗਾਏ ਜਾ ਰਹੇ ਹਨ : ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ
Publish Date: Fri, 24 Apr 2026 09:12 PM (IST)
Updated Date: Fri, 24 Apr 2026 09:16 PM (IST)
ਅਮਰੀਕ ਮੱਲ੍ਹੀ/ਸੁਖਪਾਲ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੇ ਨਿਰਦੇਸ਼ਾਂ ਹੇਠ ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਦੇਣਾ ਹੈ। ਇਸ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਵੱਲੋਂ ਸੀਟੀ ਗਰੁੱਪ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ‘ਨੋ ਐਂਟਰੀ’, ‘ਨੋ ਪਾਰਕਿੰਗ’, ‘ਹਾਰਨ ਜ਼ੋਨ’ ਅਤੇ ਵੱਖ-ਵੱਖ ਜ਼ਿਲ੍ਹਿਆਂ ਵੱਲ ਜਾਣ ਵਾਲੇ ਰਸਤੇ ਦਰਸਾਉਣ ਲਈ ਦਿਸ਼ਾ-ਸੂਚਕ ਬੋਰਡ ਲਾਏ ਜਾ ਰਹੇ ਹਨ। ਇਸ ਨਾਲ ਵਾਹਨ ਚਾਲਕਾਂ ਨੂੰ ਸਹੀ ਦਿਸ਼ਾ ਦੀ ਜਾਣਕਾਰੀ ਮਿਲੇਗੀ ਅਤੇ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣਗੇ।
ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਰਾਹਿਆਂ, ਬਾਜ਼ਾਰਾਂ, ਸੜਕਾਂ ਦੇ ਨਾਲ-ਨਾਲ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਬਾਹਰ ਵੀ ਸਾਈਨ ਬੋਰਡ ਲਾਏ ਜਾ ਰਹੇ ਹਨ। ਡੀਸੀ ਚੌਕ ਕਪੂਰਥਲਾ ’ਤੇ ਖ਼ਾਸ ਤੌਰ ’ਤੇ ਦਿਸ਼ਾ-ਸੂਚਕ ਬੋਰਡ ਲਾਇਆ ਗਿਆ ਹੈ, ਜਿਸ ’ਤੇ ਜਲੰਧਰ, ਸੁਲਤਾਨਪੁਰ ਲੋਧੀ, ਮੋਗਾ, ਨਕੋਦਰ ਅਤੇ ਸ਼ਾਹਕੋਟ ਵੱਲ ਜਾਣ ਵਾਲੇ ਰਸਤੇ ਦਰਸਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ, ਐੱਮਡੀਐੱਸਡੀ ਸਕੂਲ ਮਾਲ ਰੋਡ, ਐੱਚਡੀਐੱਫਸੀ ਬੈਂਕ ਮਾਲ ਰੋਡ ਦੇ ਸਾਹਮਣੇ, ਕਾਂਜਲੀ ਰੋਡ ਅਤੇ ਪੁਰਾਣੀ ਤਹਿਸੀਲ ਨੇੜੇ ਹੁਣ ਤੱਕ 2 ਹਾਰਨ ਜੋਨ, 4 ਨੋ ਪਾਰਕਿੰਗ, 3 ਨੋ ਐਂਟਰੀ ਅਤੇ 1 ਦਿਸ਼ਾ-ਸੂਚਕ ਬੋਰਡ ਲਾਏ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜ਼ਰੂਰਤ ਅਨੁਸਾਰ ਸਾਈਨ ਬੋਰਡ ਲਾਏ ਜਾਣਗੇ। ਇਸ ਮੌਕੇ ਏਐੱਸਆਈ ਦਿਲਬਾਗ ਸਿੰਘ ਟਾਂਡੀ, ਏਐੱਸਆਈ ਸੁਰਜੀਤ ਸਿੰਘ, ਏਐੱਸਆਈ ਬਲਵਿੰਦਰ ਸਿੰਘ ਅਤੇ ਏਐੱਸਆਈ ਪ੍ਰੀਤਮ ਸਿੰਘ ਸਮੇਤ ਹੋਰ ਟ੍ਰੈਫਿਕ ਪੁਲਿਸ ਅਧਿਕਾਰੀ ਮੌਜੂਦ ਸਨ।