ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਮਨਾਇਆ ਰਾਸ਼ਟਰੀ ਪੰਚਾਇਤੀ ਰਾਜ ਦਿਵਸ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਬੰਧੀ ਫਗਵਾੜਾ ਦੇ ਬੀਡੀਪੀਓ ਦਫ਼ਤਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲਖਵਿੰਦਰ ਕਲੇਰ ਨੇ ਕੀਤੀ। ਜਦਕਿ ਮੁੱਖ ਬੁਲਾਰਿਆਂ ਵਜੋਂ ਸੇਵਾਮੁਕਤ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਬਲਾਸ ਬਾਗਲਾ ਅਤੇ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ ਜਿੱਥੇ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਬਲਾਕ ਫਗਵਾੜਾ ਦੀਆਂ ਪੰਚਾਇਤਾਂ ਨੂੰ ਸਨਮਾਨਿਤ ਕਰ ਕੇ ਹੌਸਲਾ ਅਫਜਾਈ ਕੀਤੀ ਗਈ। ਉੱਥੇ ਹੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਬੀਡੀਪੀਓ ਲਖਵਿੰਦਰ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਵਿੱਚ ਔਰਤਾਂ ਦਾ 50 ਫੀਸਦੀ ਰਾਖਵਾਂਕਰਣ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਦੀ ਸ਼ਾਸਨ ਪ੍ਰਬੰਧ ਵਿੱਚ ਭੂਮਿਕਾ ਨੂੰ ਯਕੀਨੀ ਬਣਾਇਆ ਜਾ ਸਕੇ।
ਬੁਲਾਰਿਆਂ ਨੇ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਲੋਕਤੰਤਰ ਦੀ ਜੜ੍ਹ ਹੈ ਅਤੇ ਪਿੰਡ ਪੱਧਰ ’ਤੇ ਵਿਕਾਸ ਦੀ ਮਜ਼ਬੂਤ ਨੀਂਹ ਪਾਉਣ ਵਿੱਚ ਪੰਚਾਇਤਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰੀ ਸਕੀਮਾਂ ਦਾ ਲਾਭ ਘਰ-ਘਰ ਤੱਕ ਪਹੁੰਚਾਉਣਾ ਪੰਚਾਇਤਾਂ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਭਲਾਈ ਅਤੇ ਪਿੰਡਾਂ ਦੀ ਤਰੱਕੀ ਹੀ ਸਾਡਾ ਸਾਂਝਾ ਮਕਸਦ ਹੋਣਾ ਚਾਹੀਦਾ ਹੈ। ਮੁੱਖ ਬੁਲਾਰੇ ਹਰਬਲਾਸ ਬਾਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਦੀ ਸਫਲਤਾ ਲਈ ਪੰਚਾਇਤਾਂ ਦੀ ਸਰਗਰਮ ਭੂਮਿਕਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪੰਚਾਇਤ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਸਫਾਈ, ਪਾਣੀ ਸੰਭਾਲ, ਹਰੇ-ਭਰੇ ਵਾਤਾਵਰਣ ਅਤੇ ਨਸ਼ਾ ਮੁਕਤੀ ਵਰਗੇ ਮੁੱਦਿਆਂ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ। ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚਾਂ ਅਤੇ ਪੰਚਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਿੰਡਾਂ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ। ਸਮਾਗਮ ਦੇ ਅਖੀਰ ਵਿੱਚ ਪੰਚਾਇਤ ਸਕੱਤਰ ਮਲਕੀਤ ਚੰਦ ਅਤੇ ਸੁਲੱਖਣ ਸਿੰਘ ਟੀਸੀ ਨੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧਤਾ ਜਤਾਈ ਅਤੇ ਸਮੂਹ ਹਾਜ਼ਰੀਨ ਦਾ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਪੰਚਾਇਤ ਯੂਨੀਅਨ ਫਗਵਾੜਾ ਦੇ ਜਨਰਲ ਸਕੱਤਰ ਆਗਿਆ ਪਾਲ ਸਿੰਘ ਖਲਵਾੜਾ ਵੱਲੋਂ ਨਿਭਾਈ ਗਈ। ਇਸ ਮੌਕੇ ਪੰਚਾਇਤ ਯੂਨੀਅਨ ਦੇ ਕੈਸ਼ੀਅਰ ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਾਲੋਨੀ, ਕੁਲਵੰਤ ਕੌਰ ਸਰਪੰਚ ਢੰਡੋਲੀ, ਪਰਮਜੀਤ ਕੌਰ ਸਰਪੰਚ, ਸੁਨੀਤਾ ਸਰਪੰਚ ਪਿੰਡ ਦੁੱਗ, ਗੁਰਮੀਤ ਸਿੰਘ ਗੋਗੀ ਸਰਪੰਚ ਲੱਖਪੁਰ, ਹਰਵਿੰਦਰ ਸਿੰਘ ਸਰਪੰਚ ਨਾਰੰਗਸ਼ਾਹਪੁਰ, ਪਰਮਜੀਤ ਕੌਰ ਸਰਪੰਚ ਬੇਗਮਪੁਰ, ਪਵਨਜੀਤ ਕੌਰ ਸਰਪੰਚ ਬਰਨ, ਨਿਰਮਲ ਕੁਮਾਰ ਸਰਪੰਚ ਰਾਵਲਪਿੰਡੀ, ਬੀਬੀ ਰਾਣੋ ਸਰਪੰਚ ਪੇ੍ਰਮਪੁਰ, ਦਲਬੀਰ ਸਿੰਘ ਪੰਚ, ਪਰਮਜੀਤ ਪੰਚ, ਬਲਵੰਤ ਸਿੰਘ ਬੇਗਮਪੁਰ ਸਾਬਕਾ ਸਰਪੰਚ, ਸਤਨਾਮ ਸਿੰਘ ਪ੍ਰੇਮਪੁਰ ਆਦਿ ਹਾਜ਼ਰ ਸਨ।