ਗੰਦੇ ਪਾਣੀਆਂ ਦਾ ਪ੍ਰਬੰਧ ਨਾ ਹੋਣ ਕਾਰਨ ਨਿਗਮ ਨੂੰ ਲੱਗਾ 7 ਕਰੋੜ ਦਾ ਹਰਜ਼ਾਨਾ
ਗੰਦੇ ਪਾਣੀਆਂ ਦੇ ਪ੍ਰਬੰਧ ਨਾ ਹੋਣ ਕਾਰਨ ਨਗਰ ਨਿਗਮ ਨੂੰ ਲੱਗਾ 7 ਕਰੋੜ ਦਾ ਹਰਜ਼ਾਨਾ
Publish Date: Fri, 08 May 2026 09:12 PM (IST)
Updated Date: Fri, 08 May 2026 09:14 PM (IST)

ਸਲੱਜ ਦਾ ਰਿਕਾਰਡ ਨਾ ਦਿਖਾ ਸਕਣ ਤੋਂ ਭੜਕੇ ਸੰਤ ਸੀਚੇਵਾਲ ਪੀਪੀਸੀਬੀ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਈ ਕਲਾਸ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਕਾਲਾ ਸੰਘਿਆ ਡਰੇਨ, ਜਮਸ਼ੇਰ ਡਰੇਨ, ਚਿੱਟੀ ਵੇਈਂ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਣ, ਵਰਿਆਣਾ ਕੂੜਾ ਡੰਪ ਨੂੰ ਸਮੇਟਣ ਤੇ ਸ਼ਹਿਰ ਦੇ ਸਾਰੇ ਐੱਸਟੀਪੀਜ਼ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਤਿੰਨ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਾ ਹੋਣ ਕਾਰਨ 7 ਕਰੋੜ ਦਾ ਵਾਤਾਵਰਣ ਹਰਜ਼ਾਨਾ ਲੱਗ ਚੁੱਕਾ ਹੈ। ਸੰਤ ਸੀਚੇਵਾਲ ਨੇ ਕਿ ਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਜਿਹੜਾ 7 ਕਰੋੜ ਦਾ ਹਰਜ਼ਾਨਾ ਲੱਗਾ ਹੈ, ਉਸ ਦਾ ਬੋਝ ਆਮ ਲੋਕਾਂ ‘ਤੇ ਪਵੇਗਾ, ਜਦਕਿ ਇਸ ਬਾਰੇ ਅਫ਼ਸਰਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਬਸਤੀ ਪੀਰਦਾਦ ਦੇ 50 ਐੱਮਐੱਲਡੀ ਟਰੀਟਮੈਂਟ ਪਲਾਂਟ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਾ ਹੋਣ ‘ਤੇ ਸੰਤ ਸੀਚੇਵਾਲ ਨੇ ਅਧਿਕਾਰੀ ਨਾਲ ਨਾਰਾਜ਼ਗੀ ਪ੍ਰਗਟਾਈ। ਪਲਾਂਟ ਵਿਚੋਂ ਨਿਕਲਣ ਵਾਲੀ ਸਲੱਜ ਦਾ ਰਿਕਾਰਡ ਨਾ ਰੱਖੇ ਜਾਣ ‘ਤੇ ਵੀ ਸੰਤ ਸੀਚੇਵਾਲ ਨੇ ਅਧਿਕਾਰੀਆਂ ਦੀ ਚੰਗੀ ਝਾੜ-ਝੰਬ ਕੀਤੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕੇ ਕਿ ਪਲਾਂਟ ਵਿਚੋਂ ਨਿਕਲਣ ਵਾਲੀ ਸਲੱਜ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਸਰਕਾਰ ਨੇ 34 ਕਰੋੜ ਰੁਪਏ ਲਾਕੇ ਕਾਲਾ ਸੰਘਿਆ ਡਰੇਨ ਨੂੰ ਪੱਥਰ ਲਾ ਕੇ ਪੱਕਿਆ ਕੀਤਾ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਡਰੇਨ ਵਿਚ ਗੰਦਾ ਪਾਣੀ ਵੀ ਪੈ ਰਿਹਾ ਹੈ ਤੇ ਸਲੱਜ ਨਾਲ ਡਰੇਨ ਭਰੀ ਹੋਈ ਸੀ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਭਰੋਸਾ ਦਿੱਤਾ ਕਿ ਕਾਲਾ ਸੰਘਿਆ ਡਰੇਨ, ਜਮਸ਼ੇਰ ਡਰੇਨ ਤੇ ਸ਼ਹਿਰ ਦੇ ਟਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਕਰ ਦਿੱਤਾ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਜਮਸ਼ੇਰ ਡੇਅਰੀ ਕੰਪਲੈਕਸ ਵਿਚੋਂ ਡੇਅਰੀਆਂ ਦਾ ਗੋਹਾ ਬਿਨ੍ਹਾਂ ਰੋਕ-ਟੋਕ ਜਮਸ਼ੇਰ ਡਰੇਨ ਵਿਚ ਜਾ ਰਿਹਾ ਹੈ। ਉਥੇ 2.5 ਐੱਮਐੱਲਡੀ ਦਾ ਸੀਬੀਜੀ ਪਲਾਂਟ ਦਾ ਲੱਗਾ ਹੋਇਆ ਹੈ ਤੇ ਇਕ ਹੋਰ ਲੱਗਣਾ ਹੈ। ਸਮਾਰਟ ਸਿਟੀ ਪ੍ਰੋਜੈਕਟ ਦੇ ਰਾਹੀ ਇਨ੍ਹਾਂ ਮੀਟਿੰਗਾਂ ਵਿਚ ਕਾਲਾ ਸੰਘਿਆ ਡਰੇਨ ਦੇ ਕਿਨਾਰੇ ਸੜਕ ਬਣਾਉਣ ਦੀ ਵੀ ਕਈ ਵਾਰ ਚਰਚਾ ਹੁੰਦੀ ਰਹੀ ਸੀ ਪਰ ਇਸ ਤੇ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? ਜੇ ਨਹੀਂ ਤਾਂ ਫਿਰ ਇਸ ਨੂੰ ਅਮਲ ਵਿਚ ਲਿਆਉਣ ਦੀ ਠੋਸ ਨੀਤੀ ਬਣਾਈ ਜਾਵੇ। ਵਰਿਆਣਾ ਦੇ ਕੂੜਾ ਡੰਪ ਨੂੰ ਸਮੇਟਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 15 ਜੂਨ ਤੱਕ ਸਾਰੀ ਮਿੱਟੀ ਕੱਢ ਲਈ ਜਾਵੇਗੀ।