ਐੱਮਪੀ ਡਾ. ਰਾਜ ਨੇ ਲੋੜਵੰਦ ਪਰਿਵਾਰ ਨੂੰ ਦਿੱਤਾ 51 ਹਜ਼ਾਰ
ਸਾਂਸਦ ਡਾ. ਰਾਜ ਨੇ ਕੀਤੀ ਜ਼ਰੂਰਤਮੰਦ ਪਰਿਵਾਰ ਦੀ ਮਦਦ, 51 ਹਜ਼ਾਰ ਦਾ ਚੈਕ ਸੌਂਪਿਆ
Publish Date: Sat, 02 May 2026 07:18 PM (IST)
Updated Date: Sat, 02 May 2026 07:20 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋਕ ਸਭਾ ਵਿਚ ਆਮ ਆਦਮੀ ਪਾਰਟੀ ਦੇ ਉਪ ਨੇਤਾ ਤੇ ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਹਦਿਆਬਾਦ ਇਲਾਕੇ ਵਿਚ ਇਕ ਅਜੁਹੇ ਪਰਿਵਾਰ ਦੀ ਮਦਦ ਕੀਤੀ ਹੈ, ਜੋ ਆਪਣੇ ਨਵੇਂ ਘਰ ਦੇ ਨਿਰਮਾਣ ਲਈ ਆਰਥਿਕ ਸੰਕਟ ਵਿਚੋਂ ਗੁਜ਼ਰ ਰਿਹਾ ਸੀ ਤੇ ਉਸ ਕੋਲ ਮਕਾਨ ਬਣਾਉਣ ਲਈ ਕੋਈ ਵੀ ਸਾਧਨ ਨਹੀਂ ਸੀ। ਇਹ ਮਾਮਲਾ ਦੁੱਗਲ ਬਿਰਾਦਰੀ ਹਦਿਆਬਾਦ ਵੱਲੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਾਂਸਦ ਡਾ. ਰਾਜ ਤੁਰੰਤ ਫਗਵਾੜਾ ਦੇ ਹਦਿਆਬਾਦ ਖੇਤਰ ਵਿਚ ਪਹੁੰਚੇ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਰਿਵਾਰ ਦੀ ਕਹਾਣੀ ਸੁਣੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਤੇ ਖੁਦ ਉਥੇ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਸਾਂਸਦ ਡਾ. ਰਾਜ ਨੇ ਧਾਰਮਿਕ ਰਸਮਾਂ ਦੇ ਨਾਲ ਪਰਿਵਾਰ ਦੇ ਨਵੇਂ ਘਰ ਦੀ ਨੀਂਹ ਰੱਖੀ ਤੇ ਆਪਣੇ ਵੱਲੋਂ ਨਿੱਜੀ ਖਾਤੇ ਵਿਚੋਂ 51,000 ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ, ਨਾਲ ਹੀ 100 ਬੋਰੀਆਂ ਸੀਮੈਂਟ ਵੀ ਦਿੱਤਾ। ਸਾਂਸਦ ਡਾ. ਰਾਜ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਅਜਿਹੇ ਪਰਿਵਾਰਾਂ ਦੇ ਨਾਲ ਖੜ੍ਹੇ ਹਨ, ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਸਹਾਇਤਾ ਕਰਨਾ ਉਨ੍ਹਾਂ ਦਾ ਫਰਜ਼ ਹੈ ਤੇ ਇਹ ਮਨੁੱਖਤਾ ਦੇ ਸਭ ਤੋਂ ਵੱਡੇ ਪੁੰਨ ਕਰਮਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕੋਸ਼ਿਸ਼ ਕਰਦੇ ਹਨ ਕਿ ਆਪਣੇ ਸੰਸਦੀ ਹਲਕੇ ਵਿਚ ਆਉਣ ਵਾਲੇ ਹਰ ਜ਼ਰੂਰਤਮੰਦ ਪਰਿਵਾਰ ਦੀ ਮਦਦ ਕਰ ਸਕਣ। ਇਸ ਮੌਕੇ ਦੁੱਗਲ ਬਿਰਾਦਰੀ ਵੱਲੋਂ ਵੀ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ ਸਾਂਸਦ ਡਾ. ਰਾਜ ਦਾ ਧੰਨਵਾਦ ਕੀਤਾ ਗਿਆ। ਫਗਵਾੜਾ ਵਾਸੀਆਂ ਦੇ ਵਿਸ਼ਵਾਸ ਲਈ ਧੰਨਵਾਦ ਸਾਂਸਦ ਡਾ. ਰਾਜ ਨੇ ਕਿਹਾ ਕਿ ਜਦੋਂ ਵੀ ਉਹ ਫਗਵਾੜਾ ਵਿਧਾਨ ਸਭਾ ਖੇਤਰ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਥੋਂ ਦੇ ਲੋਕਾਂ ਤੋਂ ਬੇਅੰਤ ਪਿਆਰ ਤੇ ਆਸ਼ੀਰਵਾਦ ਮਿਲਦਾ ਹੈ, ਜਿਸ ਲਈ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਸਾਂਸਦ ਹੋਣ ਦੇ ਨਾਤੇ ਇਹ ਉਨ੍ਹਾਂ ਦਾ ਨੈਤਿਕ ਫਰਜ਼ ਤੇ ਜ਼ਿੰਮੇਵਾਰੀ ਹੈ ਕਿ ਫਗਵਾੜਾ ਨੂੰ ਵਿਕਾਸ ਦੀਆਂ ਉੱਚਾਈਆਂ ਤੱਕ ਲਿਜਾਇਆ ਜਾਵੇ। ਜਿਵੇਂ ਤੁਸੀਂ ਮੈਨੂੰ ਲੋਕ ਸਭਾ ਚੋਣਾਂ ਵਿਚ ਜਿਤਾ ਕੇ ਭੇਜਿਆ, ਉਹੀ ਪਿਆਰ ਤੇ ਅਸੀਸ ਅੱਗੇ ਵੀ ਬਣਾਈ ਰੱਖੋ। ਮੈਂ ਹਮੇਸ਼ਾ ਤੁਹਾਡਾ ਸੇਵਾਦਾਰ ਬਣ ਕੇ ਕੰਮ ਕਰਦਾ ਰਹਾਂਗਾ ਤੇ ਤੁਹਾਡੇ ਵਿਸ਼ਵਾਸ ਨੂੰ ਕਾਇਮ ਰੱਖਾਂਗਾ।