ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਧਰਨੇ ’ਤੇ ਬੈਠੇ ਨਿਗਮ ਮੁਲਾਜ਼ਮਾਂ ਨਾਲ ਕੀਤਾ ਇਕਜੁੱਟਤਾ ਦਾ ਪ੍ਰਗਟਾਵਾ
ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਧਰਨੇ ‘ਤੇ ਬੈਠੇ ਨਗਰ ਨਿਗਮ ਕਰਮਚਾਰੀਆਂ ਨਾਲ ਕੀਤਾ ਇਕਜੁਟਤਾ ਦਾ ਪ੍ਰਗਟਾਵਾ
Publish Date: Wed, 13 May 2026 07:29 PM (IST)
Updated Date: Wed, 13 May 2026 07:30 PM (IST)

ਵਿਜੇ ਸੋਨੀ ਪੰਜਾਬੀ ਜਾਗਰਣ,ਫਗਵਾੜਾ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਹਲਕੇ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾ. ਆਈਏਐਸ) ਨੇ ਨਗਰ ਨਿਗਮ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ’ਚ ਲੱਗੇ ਰੋਸ ਧਰਨੇ ’ਚ ਸ਼ਾਮਲ ਹੋ ਕੇ ਕਰਮਚਾਰੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਧਰਨਾ ਭਗਵੰਤ ਮਾਨ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ ਕਿ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਹਰ ਵਰਗ ਲਈ ਕੰਮ ਕੀਤੇ ਹਨ ਤੇ ਸਾਰੇ ਪੰਜਾਬ ਦਾ ਸਮਰਥਨ ਸਰਕਾਰ ਦੇ ਨਾਲ ਹੈ, ਜਦਕਿ ਨਗਰ ਨਿਗਮ ਕਰਮਚਾਰੀ ਲੰਬੇ ਸਮੇਂ ਤੋਂ ਤਨਖ਼ਾਹ ਕਮਿਸ਼ਨ ਰਿਪੋਰਟ 2016 ਦੀ ਬਕਾਏ ਜਾਰੀ ਕਰਨ, ਡੀਏ ਦੀ ਕਿਸ਼ਤ ਦੀ ਅਦਾਇਗੀ ਤੇ ਆਰਜ਼ੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਵਰਗੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨਾਲ ਇਨਸਾਫ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਹ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ ਤੇ ਆਉਣ ਵਾਲੇ ਸਮੇਂ ’ਚ ਵੀ ਉਨ੍ਹਾਂ ਨਾਲ ਖੜ੍ਹੀ ਰਹੇਗੀ। ਉਨ੍ਹਾਂ ਧਰਨਾਕਾਰੀ ਕਾਰਪੋਰੇਸ਼ਨ ਕ੍ਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਅਗਲੀ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪਰਵਾਨ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ‘ਆਪ’ ਦੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕੀਤੇ ਜਾਣ। ਇਸ ਮੌਕੇ ਉਨ੍ਹਾਂ ਨਾਲ ਗੁਰਜੀਤ ਪਾਲ ਵਾਲੀਆ, ਵਿਨੋਦ ਵਰਮਾਨੀ, ਮੁਨੀਸ਼ ਪ੍ਰਭਾਕਰ ਕੌਂਸਲਰ, ਬੰਟੀ ਵਾਲੀਆ ਕੌਂਸਲਰ, ਜਗਜੀਤ ਬਿੱਟੂ, ਸੰਜੀਵ ਟਿੱਟੂ, ਜਤਿੰਦਰ ਵਰਮਾਨੀ ਕੌਂਸਲਰ, ਸੌਰਵ ਜੋਸ਼ੀ ਕੌਂਸਲਰ, ਬਲਵੰਤ ਰਾਏ, ਅਗਮ ਪ੍ਰਸ਼ਾਰ, ਮੁਕੇਸ਼ ਭਾਟੀਆ ਅਤੇ ਡਾ. ਰਮਨ ਸ਼ਰਮਾ ਆਦਿ ਵੀ ਮੌਜੂਦ ਸਨ। ਬਾਕਸ ਨਿਊਜ ਚਾਚੋਕੀ ਨਹਿਰ ਨੇੜੇ ਕੂੜੇ ਨਾਲ ਭਰੀ ਸੜਕ ਨਗਰ ਨਿਗਮ ਮੁਲਾਜ਼ਮਾਂ ਦੇ ਧਰਨੇ ਨਾਲ ਸ਼ਹਿਰ ਵਿਚ ਕੂੜੇ ਦੇ ਅੰਬਾਰ ਲਗਣੇ ਸ਼ੁਰੁ ਹੋ ਚੁੱਕੇ ਹਨ। ਚਾਚੋਕੀ ਨਹਿਰ ਨਜ਼ਦੀਕ ਬਣੇ ਕੂੜੇ ਦੇ ਡੰਪ ਤੋਂ ਹੁਣ ਪੂਰੀ ਲਿੰਕ ਸੜਕ ’ਤੇ ਕੂੜੇ ਦੇ ਢੇਰ ਲਗ ਚੁੱਕੇ ਹਨ, ਜਦਕਿ ਨਗਰ ਨਿਗਮ ਫਗਵਾੜਾ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ।