ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਣਕ ਦੀ ਖਰੀਦ ਨਾ ਹੋਣ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ‘ਤੇ ਚੁੱਕੇ ਸਵਾਲ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਣਕ ਦੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਫਗਵਾੜਾ ਦੀ ਮੁੱਖ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਮੰਡੀ ਵਿੱਚ ਕਣਕ ਦੀ ਖ਼ਰੀਦ ਨਾਮਾਤਰ ਹੋ ਰਹੀ ਹੈ, ਜਿਸ ਨੂੰ ਲੈ ਕੇ ਕਿਸਾਨ ਅਤੇ ਆੜ੍ਹਤੀ ਦੋਵੇਂ ਪਰੇਸ਼ਾਨ ਹੋ ਰਹੇ ਹਨ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਮੰਡੀ ’ਚ ਮਾਲ ਤਿੰਨ ਲੱਖ ਕੁਇੰਟਲ ਤੋਂ ਉੱਪਰ ਕਣਕ ਦੇ ਢੇਰ ਲੱਗੇ ਹੋਏ ਹਨ ਅਤੇ ਆਉਂਦੇ ਦਿਨਾਂ ਵਿੱਚ ਕਰੀਬ 6 ਕੁਇੰਟਲ ਹੋਰ ਕਣਕ ਦੀ ਆਮਦ ਹੋਣ ਦਾ ਅਨੁਮਾਨ ਹੈ। ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ ਸਿਰਫ 7%, ਖ਼ਰੀਦ ਜਦਕਿ ਲਿਫਟਿੰਗ 1% ਵੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਅੰਕੜਿਆਂ ਮੁਤਾਬਿਕ ਫਗਵਾੜਾ ਮੰਡੀ ਵਿੱਚ ਹੁਣ ਤੱਕ ਪਨਗ੍ਰੇਨ ਵੱਲੋਂ ਸਿਰਫ 6139 ਕੁਇੰਟਲ, ਮਾਰਕਫੈੱਡ ਵੱਲੋਂ 4796 ਕੁਇੰਟਲ, ਪਨਸਪ ਵੱਲੋਂ 5050 ਕੁਇੰਟਲ ਅਤੇ ਵੇਅਰ ਹਾਊਸ ਵੱਲੋਂ ਸਿਰਫ 5,595 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ। ਜੋ ਕਿ ਕੁੱਝ ਵੀ ਨਹੀਂ ਹੈ। ਸਾਰੀ ਕਣਕ ਖੁੱਲ੍ਹੇ ਅਸਮਾਨ ਹੇਠਾਂ ਲਾਵਾਰਿਸ ਹਾਲਤ ਵਿਚ ਪਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਏਜੰਸੀਆਂ ਵੱਲੋਂ ਖ਼ਰੀਦ ਹੀ ਨਹੀਂ ਹੋਵੇਗੀ ਤਾਂ ਕਿਸਾਨਾਂ ਨੂੰ ਅਦਾਇਗੀ ਕਿਸ ਤਰ੍ਹਾਂ ਹੋਵੇਗੀ। ਜਦਕਿ ਇਹ ਸਰਕਾਰ ਆਪਣੇ ਆਪ ਨੂੰ ਜ਼ਿਮੀਂਦਾਰਾਂ ਦੀ ਸ਼ੁੱਭ ਚਿੰਤਕ ਦੱਸਦੀ ਹੈ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਹ ਖੁਦ ਆਈਏਐੱਸ ਅਫਸਰ ਰਹੇ ਹਨ ਅਤੇ ਮੰਡੀਆਂ ਵਿੱਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ ਹਨ, ਪਰ ਜਿਸ ਤਰ੍ਹਾਂ ਇਸ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਖੱਜਲ-ਖੁਆਰ ਹੋਣਾ ਪਿਆ ਹੈ, ਅਜਿਹੀ ਸਥਿਤੀ ਉਨ੍ਹਾਂ ਨੇ ਆਪਣੀ ਪੂਰੀ ਸਰਵਿਸ ਦੌਰਾਨ ਕਦੇ ਵੀ ਨਹੀਂ ਦੇਖੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਜੰਗੀ ਪੱਧਰ ’ਤੇ ਖ਼ਰੀਦ ਕੇ ਤੁਰੰਤ ਭੁਗਤਾਨ ਕੀਤਾ ਜਾਵੇ ਅਤੇ ਲਿਫਟਿੰਗ ਕਰਵਾ ਕੇ ਆੜ੍ਹਤੀਆਂ ਨੂੰ ਰਾਹਤ ਦਿੱਤੀ ਜਾਵੇ। ਇਸ ਦੌਰਾਨ ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨੇ ਕਿਹਾ ਕਿ ਜੇਕਰ ਲਿਫਟਿੰਗ ਨਹੀਂ ਹੋਵੇਗੀ ਤਾਂ ਨਵੀਂ ਫਸਲ ਸੁਟਾਉਣ ਲਈ ਢੇਰੀ ਹੋਈ ਫਸਲ ਨੂੰ ਸਟੈਗ ਕਰਨ ਲਈ ਆੜ੍ਹਤੀਆਂ ਨੂੰ 10 ਰੁਪਏ ਪ੍ਰਤੀ ਕੁਇੰਟਲ ਨਾਜਾਇਜ਼ ਖਰਚੇ ਦਾ ਭਾਰ ਝੱਲਣਾ ਪਵੇਗਾ। ਜਦਕਿ ਆੜ੍ਹਤੀ ਨੂੰ ਤਾਂ ਪਹਿਲਾਂ ਹੀ ਪੂਰੀ ਆੜ੍ਹਤ ਤੋਂ ਸਰਕਾਰ ਵੱਲੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੱਕ ਲਿਫਟਿੰਗ ਨਾ ਹੋਣ ਨਾਲ ਬਾਰਦਾਨਾ ਵੀ ਖ਼ਰਾਬ ਹੋਵੇਗਾ ਤੇ ਜੇਕਰ ਮੌਸਮ ਖ਼ਰਾਬ ਹੋਇਆ ਤਾਂ ਸਰਕਾਰ ਦੇ ਕਰੋੜਾਂ ਰੁਪਏ ਦੀ ਬਰਬਾਦੀ ਵੱਖਰੀ ਹੋਵੇਗੀ। ਇਸ ਮੌਕੇ ਗੁਰਜੀਤ ਪਾਲ ਵਾਲੀਆ ਡੈਲੀਗੇਟ ਪੰਜਾਬ, ਸੀਨੀਅਰ ਆਗੂ ਵਿਨੋਦ ਵਰਮਾਨੀ ਤੋਂ ਇਲਾਵਾ ਜਸਵੰਤ ਸਿੰਘ ਨੀਟਾ ਜਗਪਾਲਪੁਰ, ਕੌਂਸਲਰ ਮੁਨੀਸ਼ ਪ੍ਰਭਾਕਰ, ਬੌਬੀ ਵੋਹਰਾ, ਪਰਵੇਸ਼ ਗੁਪਤਾ, ਪ੍ਰਭੋਧ ਦੁੱਗਲ, ਸ਼ੇਖਰ ਸ਼ਰਮਾ, ਅਮਿਤ ਅਰੋੜਾ, ਅਸ਼ਵਨੀ, ਸੰਨੀ ਆਦਿ ਵੀ ਮੌਜੂਦ ਸਨ।