ਬੇਬੀ ਨਵਿਆ ਦੀ ਯਾਦ ਨੂੰ ਸਮਰਪਿਤ ਮੈਗਾ ਖੂਨਦਾਨ ਕੈਂਪ ਅੱਜ
ਬੇਬੀ ਨਵਿਆ ਦੀ ਯਾਦ ਨੂੰ ਸਮਰਪਿਤ ਮੈਗਾ ਖੂਨਦਾਨ ਕੈਂਪ ਅੱਜ
Publish Date: Sat, 13 Dec 2025 07:19 PM (IST)
Updated Date: Sat, 13 Dec 2025 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਾਂਪਲਾ ਫਾਊਂਡੇਸ਼ਨ ਨਾਲ ਜੁੜੀ ਨਵਿਆ ਹੈਲਪਿੰਗ ਹੈਂਡ ਵੱਲੋਂ ਸੀਨੀਅਰ ਭਾਜਪਾ ਆਗੂ ਆਸ਼ੂ ਸਾਂਪਲਾ ਦੀ ਸਪੁੱਤਰੀ ਬੇਬੀ ਨਵਿਆ ਦੀ ਨਿੱਘੀ ਯਾਦ ਵਿਚ 14 ਦਸੰਬਰ ਦਿਨ ਐਤਵਾਰ ਨੂੰ ਆਸ਼ੀਸ਼ ਕਾਂਟੀਨੈਂਟਲ (ਗੁਪਤਾ ਪੈਲੇਸ) ਜੀਟੀ ਰੋਡ ਫਗਵਾੜਾ ਵਿਖੇ ਮੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਸਬੰਧੀ ਇਕ ਪੱਤਰਕਾਰ ਵਾਰਤਾ ਗੁਪਤਾ ਪੈਲੇਸ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਅਨੁਰਾਗ ਮਾਨਖੰਡ, ਅਸ਼ੋਕ ਦੁਗੱਲ ਵੱਲੋਂ ਕੀਤੀ ਗਈ ਉਨ੍ਹਾਂ ਨੇ ਬਹੁਤ ਹੀ ਭਾਵੁਕ ਲਹਿਜ਼ੇ ‘ਚ ਦੱਸਿਆ ਕਿ ਆਸ਼ੂ ਸਾਂਪਲਾ ਦੀ ਸਪੁੱਤਰੀ ਨਵਿਆ ਦਾ 12 ਜੁਲਾਈ, 2016 ਨੂੰ ਸਿਰਫ਼ ਢਾਈ ਸਾਲ ਦੀ ਛੋਟੀ ਉਮਰ ਵਿਚ ਇਕ ਗੰਭੀਰ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਨਵਿਆ ਦਾ ਮਾਸੂਮ ਚਿਹਰਾ ਅਤੇ ਵੈਂਟੀਲੇਟਰ ’ਤੇ ਇਲਾਜ ਦੌਰਾਨ ਉਸਦੀਆਂ ਅੱਖਾਂ ਵਿਚੋਂ ਘਰ ਵਾਪਸੀ ਦੀ ਚਾਹਤ ‘ਚ ਵੱਗਦੇ ਹੰਝੂ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਪਲਾਂ ਦੀ ਯਾਦ ਦਿਵਾਉਂਦੇ ਹਨ ਅਤੇ ਕੁਦਰਤ ਅੱਗੇ ਆਪਣੀ ਬੇਵਸੀ ‘ਤੇ ਰੁਲਾ ਛੱਡਦੇ ਹਨ। ਨਵਿਆ ਆਪਣੇ ਇਲਾਜ ਦੌਰਾਨ 58 ਦਿਨਾਂ ਤੱਕ ਹਸਪਤਾਲ ਵਿਚ ਰਹੀ। ਉਸਨੂੰ ਹਰ ਰੋਜ਼ ਦੋ ਤੋਂ ਤਿੰਨ ਯੂਨਿਟ ਖੂਨ ਚੜ੍ਹਾਇਆ ਜਾਂਦਾ ਸੀ। ਹਾਲਾਂਕਿ ਉਨ੍ਹਾਂ ਦੀ ਪੁੱਤਰੀ ਠੀਕ ਨਹੀਂ ਹੋ ਸਕੀ, ਪਰ ਉਸ ਸਮੇਂ ਦੌਰਾਨ ਅਣਗਿਣਤ ਅਣਜਾਣ ਲੋਕਾਂ ਨੇ ਉਸ ਮਾਸੂਮ ਨੂੰ ਬਚਾਉਣ ਲਈ ਆਪਣਾ ਖੂਨ ਦਾਨ ਕੀਤਾ। ਇਹ ਦੇਖ ਕੇ, ਉਨ੍ਹਾਂ ਨੂੰ ਮਨੁੱਖੀ ਜੀਵਨ ਵਿਚ ਖੂਨ ਦੀ ਮਹੱਤਤਾ ਦਾ ਅਹਿਸਾਸ ਹੋਇਆ। ਉਨ੍ਹਾਂ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਤੋਂ ਨੇ ਉਨ੍ਹਾਂ ਨੂੰ ਨਵਿਆ ਹੈਲਪਿੰਗ ਹੈਂਡ ਦਾ ਗਠਨ ਕਰਕੇ ਖੂਨਦਾਨ ਦੇ ਖੇਤਰ ‘ਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਕਿਉਂਕਿ ਉਨ੍ਹਾਂ ਦੀ ਪਰੀਆਂ ਵਰਗੀ ਮਾਸੂਮ ਨਵਿਆ ਵਾਂਗ, ਪਤਾ ਨਹੀਂ ਕਿੰਨੀਆਂ ਮਾਸੂਮ ਜ਼ਿੰਦਗੀਆਂ ਖੂਨ ਦੀ ਘਾਟ ਦੇ ਚਲਦਿਆਂ ਜ਼ਿੰਦਗੀ ਨੂੰ ਤਰਸ ਰਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵਿਆ ਹੈਲਪਿੰਗ ਹੈਂਡ ਦੁਆਰਾ ਹਰ ਸਾਲ ਨਵਿਆ ਦੇ ਜਨਮਦਿਨ ’ਤੇ ਕੈਂਪ ਰਾਹੀਂ ਇਕੱਠਾ ਕੀਤਾ ਗਿਆ ਖੂਨ ਉਨ੍ਹਾਂ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਉਸ ਅਸਹਿ ਦਰਦ ਤੋਂ ਬਚਾਅ ਸਕਦਾ ਹੈ ਜੋ ਅਜੇ ਵੀ ਉਨ੍ਹਾਂ ਨੂੰ ਤੜਫਾ ਜਾਂਦਾ ਹੈ। ਉਨ੍ਹਾਂ ਫਗਵਾੜਾ ਅਤੇ ਆਸਪਾਸ ਦੇ ਇਲਾਕਿਆਂ ਦੇ ਸਮੂਹ ਵਸਨੀਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 14 ਦਸੰਬਰ ਨੂੰ ਨਵਿਆ ਦੇ ਬਾਰ੍ਹਵੇਂ ਜਨਮ ਦਿਨ ਮੌਕੇ ਆਸ਼ੀਸ਼ ਕਾਂਟੀਨੈਂਟਲ (ਗੁਪਤਾ ਪੈਲੇਸ) ਜੀਟੀ ਰੋਡ ਫਗਵਾੜਾ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣ ਵਾਲੇ ਕੈਂਪ ਦੌਰਾਨ ਵੱਡੀ ਗਿਣਤੀ ‘ਚ ਪਹੁੰਚਣ ਤੇ ਖੂਨ ਦਾਨ ਕਰਨ। ਦਾਨ ਕੀਤਾ ਗਿਆ ਇਕ ਯੂਨਿਟ ਖੂਨ ਅਣਗਿਣਤ ਕੀਮਤੀ ਜਾਨਾਂ ਨੂੰ ਮੌਤ ਦੇ ਚੁੰਗਲ ਤੋਂ ਬਚਾਅ ਸਕਦਾ ਹੈ।