ਇਬਰਾਹੀਮਾਵਾਲ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਇਬਰਾਹੀਮਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ ਅਤੇ ਬਲਾਕ ਪ੍ਰਧਾਨ ਬੇਗੋਵਾਲ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਹੋਈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੇ ਵੱਡੇ ਵਾਧੇ ਦੀ ਤਿੱਖੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਝੋਨੇ ’ਤੇ ਸਿਰਫ 72 ਰੁਪਏ ਪ੍ਰਤੀ ਕੁਇੰਟਲ ਅਤੇ ਮੱਕੀ ’ਤੇ ਕੇਵਲ 10 ਰੁਪਏ ਦਾ ਵਾਧਾ ਕਰਨਾ ਕਿਸਾਨਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਖਾਦਾਂ, ਦਵਾਈਆਂ, ਟਰੈਕਟਰਾਂ ਅਤੇ ਹੋਰ ਖੇਤੀਬਾੜੀ ਸੰਦਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਪਰ ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਦਿੱਤੀ ਜਾ ਰਹੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਯੋਗ ਮੁੱਲ ਨਾ ਮਿਲਿਆ ਤਾਂ ਦੇਸ਼ ਦੀ ਖਾਦ ਸੁਰੱਖਿਆ ’ਤੇ ਗੰਭੀਰ ਅਸਰ ਪਵੇਗਾ। ਦੁੱਧ ਦੇ ਰੇਟ ਸਬੰਧੀ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦਾ ਖਰਚਾ ਬਹੁਤ ਵੱਧ ਗਿਆ ਹੈ।
ਦੁੱਧ ਵਾਲੇ ਪਸ਼ੂਆਂ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਪੱਠੇ, ਤੂੜੀ, ਫੀਡ ਅਤੇ ਖੱਲ ਵੀ ਮਹਿੰਗੇ ਹੋ ਚੁੱਕੇ ਹਨ। ਇਸ ਲਈ ਦੁੱਧ ਦਾ ਰੇਟ ਘੱਟੋ-ਘੱਟ 100 ਰੁਪਏ ਪ੍ਰਤੀ ਕਿਲੋ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਇਲਾਕੇ ਵਿੱਚ ਵੱਧ ਰਹੀਆਂ ਲੁੱਟ-ਖੋਹ ਅਤੇ ਚੋਰੀਆਂ ’ਤੇ ਵੀ ਚਿੰਤਾ ਜਤਾਈ ਗਈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਕਾਰਨ ਕੁਝ ਨੌਜਵਾਨ ਚੋਰੀਆਂ ਕਰ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਟਰਾਂਸਫਾਰਮਰਾਂ, ਸਟਾਰਟਰਾਂ ਅਤੇ ਬਿਜਲੀ ਦੀਆਂ ਤਾਰਾਂ ਦੀਆਂ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਪੁਲਿਸ ਗਸ਼ਤ ਵਧਾਈ ਜਾਵੇ। ਇਸ ਮੌਕੇ ਇਬਰਾਹੀਮਵਾਲ ਦੇ ਕਿਸਾਨ ਮੈਂਬਰ ਮੰਗਲ ਸਿੰਘ ਅਤੇ ਪ੍ਰਗਟ ਸਿੰਘ ਚਾਹਲ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਜਤਾਈ ਗਈ ਅਤੇ ਪਰਮਾਤਮਾ ਅੱਗੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਲਖਬੀਰ ਸਿੰਘ ਲੱਖੀ ਮਕਸੂਦਪੁਰ, ਬਲਵਿੰਦਰ ਸਿੰਘ ਮਕਸੂਦਪੁਰ, ਨਿਸ਼ਾਨ ਸਿੰਘ ਇਬਰਾਹੀਮਵਾਲ, ਜਸਵੰਤ ਸਿੰਘ ਇਬਰਾਹੀਮਵਾਲ, ਬਲਕਾਰ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਬਲਬੀਰ ਸਿੰਘ ਭੱਕੂਵਾਲ, ਕੁਲਵੰਤ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਗੁਰਮੁਖ ਸਿੰਘ, ਅਮਰਜੀਤ ਸਿੰਘ ਢਿੱਲਵਾਂ, ਗੁਰਪ੍ਰੀਤ ਸਿੰਘ ਰਾਏਪੁਰ ਰਾਈਆਂ, ਕੁਲਦੀਪ ਮਲਕ ਨਡਾਲਾ, ਅਮਰੀਕ ਸਿੰਘ ਘੱਗ, ਨਿਰਮਲ ਸਿੰਘ ਡਾਲਾ, ਗੁਰਪ੍ਰੀਤ ਸਿੰਘ ਭੱਕੂਵਾਲ, ਗੁਰਮੀਤ ਸਿੰਘ ਇਕਾਈ ਪ੍ਰਧਾਨ ਰਾਜਪੁਰ, ਬਲਵਿੰਦਰ ਸਿੰਘ ਸਰਪੰਚ ਇਬਰਾਹੀਵਾਲ, ਜਸਵੰਤ ਸਿੰਘ ਜੱਸੀ, ਸਰਬਜੀਤ ਸਿੰਘ ਸੱਭਾ, ਅਜੀਤ ਸਿੰਘ ਫੌਜੀ, ਜਸਪਾਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।