ਉਤਸ਼ਾਹ ਨਾਲ ਮਨਾਇਆ ਜਾਵੇਗਾ ਮਈ ਦਿਵਸ : ਬਲਦੇਵ ਸਿੰਘ
ਉਤਸ਼ਾਹ ਨਾਲ ਮਨਾਇਆ ਜਾਵੇਗਾ ਮਈ ਦਿਵਸ : ਕਾਮਰੇਡ: ਬਲਦੇਵ ਸਿੰਘ
Publish Date: Tue, 28 Apr 2026 06:49 PM (IST)
Updated Date: Tue, 28 Apr 2026 06:52 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਬਲਦੇਵ ਸਿੰਘ ਤੇ ਰਾਜਪ੍ਰੀਤ ਸਿੰਘ ਤਲਵੰਡੀ ਚੌਧਰੀਆਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਹਿਸੀਲ ਦੀਆਂ ਸਮੂਹ ਮੁਲਾਜ਼ਮ ਤੇ ਮਜ਼ਦੂਰ ਕਿਸਾਨ ਤੇ ਦੁਕਾਨਦਾਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਦੇ ਚੌਂਕ ਚੇਲਿਆਂ ਵਿਚ 1 ਮਈ ਸ਼ੁਕਰਵਾਰ ਨੂੰ ਬੜੇ ਉਤਸ਼ਾਹ ਨਾਲ ਮਈ ਦਿਵਸ ਮਨਾਇਆ ਜਾਵੇਗਾ। ਕਾਮਰੇਡ ਬਲਦੇਵ ਸਿੰਘ ਨੇ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਲੜਾਈ ਅਜੇ ਖਤਮ ਨਹੀਂ ਹੋਈ। ਭਾਰਤ ਦੀ ਮੋਦੀ ਸਰਕਾਰ ਨੇ ਅੱਜ ਤੋਂ ਕਰੀਬ 129 ਸਾਲ ਪਹਿਲੇ ਸੰਘਰਸ਼ ਤੇ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੇ 44 ਕਾਨੂੰਨਾਂ ਵਿਚੋਂ 29 ਕਾਨੂੰਨ ਤੋੜ ਕੇ ਚਾਰ ਕੋਡਾਂ ਵਿਚ ਬਦਲ ਦਿੱਤੇ ਹਨ। ਕੰਮ ਦੀ ਦਿਹਾੜੀ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਇਸ ਕਾਨੂੰਨ ਵਿਚ ਸੋਧ ਕਰਕੇ ਪੂੰਜੀਪਤੀਆਂ ਨੂੰ ਲੁੱਟਣ ਦਾ ਖੁੱਲਾ ਅਧਿਕਾਰ ਦੇ ਦਿੱਤਾ ਹੈ। ਨਾ ਹੀ ਕੋਈ ਮਜ਼ਦੂਰ ਯੂਨੀਅਨ ਬਣਾ ਸਕੇਗਾ ਤੇ ਨਾ ਹੀ ਮਾਲਕ ਦੇ ਖਿਲਾਫ ਬੋਲ ਸਕੇਗਾ। ਉਨ੍ਹਾਂ ਕਿਹਾ ਕਿ ਉਸ ਦਿਨ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਅਗਲੇ ਸੰਘਰਸ਼ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਾਮਰੇਡ ਬਲਦੇਵ ਸਿੰਘ ਨੇ ਸੁਲਤਾਨਪੁਰ ਲੋਧੀ ਤਹਿਸੀਲ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਨੂੰ ਠੀਕ 9 ਵਜੇ ਚੌਂਕ ਚੇਲਿਆਂ ਵਿਚ ਹੁਮ-ਹੁਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।