ਭੁਲੱਥ ’ਚ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਭੁਲੱਥ ’ਚ ਪਲਾਸਟਿਕ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
Publish Date: Sun, 26 Apr 2026 09:59 PM (IST)
Updated Date: Sun, 26 Apr 2026 10:01 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਸਬ-ਡਿਵੀਜ਼ਨ ਕਸਬਾ ਭੁਲੱਥ ਵਿਖੇ ਭੋਗਪੁਰ ਬਾਈਪਾਸ ਨਜ਼ਦੀਕ ਇਕ ਕਬਾੜ ਦਾ ਗੁਦਾਮ ਜੋ ਪਲਾਸਟਿਕ ਨਾਲ ਭਰਿਆ ਸੀ, ਉਥੇ ਭਿਆਨਕ ਅੱਗ ਲੱਗਣ ਨਾਲ ਮਾਲਕ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਦਾਮ ਦੇ ਪਿਛੇ ਖੇਤਾਂ ਵਿਚ ਕਣਕ ਦੀ ਨਾੜ ਨੂੰ ਲੱਗੀ ਅੱਗ ਦੀਆਂ ਲਾਟਾਂ ਗੁਦਾਮ ਵਿਚ ਪਈ ਪਲਾਸਟਿਕ ’ਤੇ ਪੈ ਗਈਆਂ ਤੇ ਹੌਲੀ-ਹੌਲੀ ਅੱਗ ਸਾਰੇ ਗੁਦਾਮ ਵਿਚ ਫੈਲ ਗਈ, ਜਿਸ ਨਾਲ ਗੁਦਾਮ ਵਿਚ ਪਿਆ ਸਾਰਾ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਉਪਰੰਤ ਭੁਲੱਥ ਫਾਇਰ ਬ੍ਰਿਗੇਡ ਦੀ ਗੱਡੀਆਂ ਪਹੁੰਚੀਆਂ ਪਰ ਅੱਗ ਜ਼ਿਆਦਾ ਭਿਆਨਕ ਹੋਣ ਕਰਕੇ ਖਬਰ ਲਿਖੇ ਜਾਣ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਤੋਂ ਇਲਾਵਾ ਸਾਰਾ ਦਿਨ ਖੇਤਾਂ ਵਿਚ ਨਾੜ ਨੂੰ ਅੱਗ ਲੱਗੀ ਦਿਖਾਈ ਦਿੱਤੀ ਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਦਿਖਾਈ ਦਿੱਤਾ।