ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰਨ ਵਾਲਾ ਕਾਬੂ
ਰਾਤ ਸਮੇਂ ਗੱਡੀਆ ਦੇ ਸ਼ੀਸ਼ੇ ਤੋੜ ਕੇ ਚੋਰੀ ਕਰਨ ਵਾਲਾ ਵਿਅਕਤੀ ਕਾਬੂ
Publish Date: Tue, 28 Apr 2026 09:33 PM (IST)
Updated Date: Tue, 28 Apr 2026 09:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਪੂਰਥਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧੀਰੇਂਦਰ ਵਰਮਾ ਆਈਪੀਐੱਸ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ਵਿਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਰਾਤ ਸਮੇਂ ਗੱਡੀਆ ਦੇ ਸ਼ੀਸ਼ੇ ਤੋੜ ਕੇ ਚੋਰੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਕਰ ਚੋਰੀ ਕੀਤੇ 2000/- ਰੁਪਏ, ਦਸਤਾਵੇਜ਼ ਤੇ ਵਾਰਦਾਤ ਸਮੇਂ ਵਰਤੀ ਲੋਹੇ ਦੀ ਖੂੰਡੀ ਤੇ ਸਕੂਟਰੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 28-04-2026 ਨੂੰ ਏਐੱਸਆਈ ਹਰਭਜਨ ਸਿੰਘ ਥਾਣਾ ਸੁਲਤਾਨਪੁਰ ਲੋਧੀ ਕੋਲ ਉਪਿੰਦਰ ਸਿੰਘ ਪੁੱਤਰ ਬਸ਼ੰਬਰ ਸਿੰਘ ਵਾਸੀ ਪਿੰਡ ਮੇਵਾ ਸਿੰਘ ਵਾਲਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਦਰਜ ਕਰਵਾਇਆ ਕਿ ਉਸਨੇ 26 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਹੋਈ ਸੀ। ਜਦ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਸਦੀ ਗੱਡੀ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਗੱਡੀ ਦੇ ਡੈਸ਼ ਬੋਰਡ ਵਿਚੋਂ ਇਕ ਛੋਟਾ ਪਰਸ ਜਿਸ ਵਿਚ ਕਰੀਬ 2000/- ਰੁਪਏ ਤੇ ਇਕ ਅਧਾਰ ਕਾਰਡ ਤੇ ਗੱਡੀ ਦੇ ਕਾਗਜਾਤ ਚੋਰੀ ਹੋਏ ਪਏ ਸੀ। ਪਤਾ ਲੱਗਾ ਕਿ ਇਸੇ ਚੋਰ ਨੇ ਬੀਤੀ ਰਾਤ ਬਾਵਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਅਲਾਦਾਦ ਚੱਕ ਥਾਣਾ ਸੁਲਤਾਨਪੁਰ ਲੋਧੀ ਦੀ ਆਈ-20 ਗੱਡੀਦੇ ਵੀ ਸ਼ੀਸ਼ੇ ਤੋੜ ਕੇ ਕਰੀਬ 2000/- ਰੁਪਏ ਚੋਰੀ ਕੀਤੇ ਹਨ। ਇਸ ’ਤੇ ਇੰਦਰਜੋਤ ਸਿੰਘ ਉਰਫ ਜੋਤੀ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਬਿਸ਼ਨਪੁਰ ਅਰਾਈਆ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਦੇ ਖਿਲਾਫ ਮੁਕੱਦਮਾ ਨੰਬਰ 97 ਮਿਤੀ 27/04/2026 ਜੁਰਮ 303(2), 324(4) ਬੀਐੱਨਐੱਸ ਵਾਧਾ ਜੁਰਮ 212 ਬੀਐੱਨਐੱਸ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਦੌਰਾਨ ਵਾਰਦਾਤ ਕਰਨ ਵਾਲੇ ਵਿਅਕਤੀ ਇੰਦਰਜੋਤ ਸਿੰਘ ਉਰਫ ਜੋਤੀ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਬਿਸ਼ਨਪੁਰ ਅਰਾਈਆ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀ ਨਗਦੀ 4000/- ਰੁਪਏ ਤੇ ਦਸਤਾਵੇਜ਼ ਤੇ ਵਾਰਦਾਤ ਸਮੇ ਵਰਤੀ ਲੋਹੇ ਦੀ ਖੂੰਡੀ ਤੇ ਐਕਟਿਵਾ ਸਕੂਟਰੀ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ 15 ਮੁਕੱਦਮੇ ਦਰਜ ਹਨ। ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ ਸਖਤੀ ਨਾਲ ਪੁੱਛਗਿੱਛ ਕਰਕੇ ਇਸ ਵੱਲੋ ਹੋਰ ਕੀਤੀਆ ਵਾਰਦਾਤਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ।