ਫਗਵਾੜਾ ’ਚ ਵੀ ਲੱਗੀ ਲੋਕ ਅਦਾਲਤ
ਸਬ ਡਵੀਜ਼ਨ ਕੋਰਟ ਫਗਵਾੜਾ ਵਿਖੇ ਲੋਕ ਅਦਾਲਤ ਦਾ ਹੋਇਆ ਆਯੋਜਨ
Publish Date: Sat, 13 Dec 2025 07:06 PM (IST)
Updated Date: Sat, 13 Dec 2025 07:09 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਬ-ਡਿਵੀਜ਼ਨ ਕੋਰਟ ਫਗਵਾੜਾ ਅੰਦਰ ਕੌਮੀ ਲੋਕ ਅਦਾਲਤ ਦਾ ਆਯੋਜਨ ਮੈਡਮ ਸੁਪ੍ਰੀਤ ਕੌਰ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ, ਜਸਵਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਿਵੀਜ਼ਨ, ਹਰਸ਼ਵੀਰ ਸਿੰਘ ਸੰਧੂ ਸਿਵਲ ਜੱਜ ਜੂਨੀਅਰ ਡਿਵੀਜ਼ਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜੱਜਾਂ ਦੀਆਂ ਬੈਂਚਾਂ ਨੇ ਲੋਕਾਂ ਦੇ ਪੈਂਡਿੰਗ ਪਏ ਕੇਸਾਂ ਦਾ ਰਜ਼ਾਮੰਦੀ ਨਾਲ ਨਿਪਟਾਰਾ ਕੀਤਾ। ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸ਼ਰਮਾ, ਧਨਪ੍ਰੀਤ ਕੌਰ, ਐਡਵੋਕੇਟ ਵਰੁਣ ਕੁਮਾਰ ਵਧਾਵਨ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਬੈਂਕਾਂ ਦੇ ਫੁਟਕਲ ਪਏ ਕੇਸਾਂ ਦਾ ਸਮਝੌਤਾ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਲੋਕ ਅਦਾਲਤ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਲੋਨਧਾਰਕਾਂ ਦੇ ਕੇਸਾਂ ਦਾ ਨਿਪਟਾਰਾ ਵੱਡੀ ਗਿਣਤੀ ਵਿਚ ਕੀਤਾ ਗਿਆ। ਘਰੇਲੂ ਮਸਲਿਆਂ ਨੂੰ ਵੀ ਜੱਜਾਂ ਵੱਲੋਂ ਸੁਲਝਾਇਆ ਗਿਆ। ਪ੍ਰਧਾਨ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁਢਲੇ ਪੱਧਰ ਤੋਂ ਖਤਮ ਕਰਨ ਲਈ ਇਨ੍ਹਾਂ ਲੋਕ ਅਦਾਲਤਾਂ ਨੂੰ ਬਣਾਇਆ ਗਿਆ ਹੈ। ਆਮ ਲੋਕਾਂ ਨੂੰ ਵੀ ਇਨ੍ਹਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।