ਦਰਿਆਵਾਂ ਦੇ ਕਿਨਾਰਿਆਂ ’ਤੇ ਤੁਰੰਤ ਨੋਚਾਂ ਲਗਾਈਆਂ ਜਾਣ : ਬਾਊਪੁਰ
ਕੇਐਮਐਸਕੇ ਪੰਜਾਬ ਵੱਲੋਂ ਦਰਿਆਵਾਂ ਦੇ ਕਿਨਾਰਿਆਂ ’ਤੇ ਤੁਰੰਤ ਨੋਚਾਂ ਲਗਾਉਣ ਤੇ ਛੋਟੀ ਨਦੀ ਦੀ ਖੁਦਾਈ ਕਰਨ ਦੀ ਕੀਤੀ ਮੰਗ
Publish Date: Tue, 12 May 2026 07:21 PM (IST)
Updated Date: Tue, 12 May 2026 07:24 PM (IST)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡੀਸੀ ਕਪੂਰਥਲਾ ਨੂੰ ਦਿੱਤਾ ਮੰਗ ਪੱਤਰ ਹੜ੍ਹਾਂ ਤੋਂ ਬਚਾਅ ਲਈ ਕਾਰਵਾਈ ਕਰਨ ਦੀ ਕੀਤੀ ਅਪੀਲ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਮੇਟੀ ਦੇ ਆਗੂਆਂ ਵੱਲੋਂ ਡੀਸੀ ਕਪੂਰਥਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਦਰਿਆਵਾਂ ਤੇ ਹੜ੍ਹਾਂ ਵਾਲੇ ਖੇਤਰਾਂ ਦੇ ਕਿਨਾਰਿਆਂ ‘ਤੇ ਜਲਦ ਤੋਂ ਜਲਦ ਪੱਥਰਾਂ ਦੀਆਂ ਨੋਚਾਂ ਲਗਾਈਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੱਡੀ ਤਬਾਹੀ ਤੋਂ ਬਚਿਆ ਜਾ ਸਕੇ। ਆਗੂਆਂ ਨੇ ਕਿਹਾ ਕਿ ਪਿੰਡ ਆਹਲੀ ਕਲਾਂ, ਬਾਊਪੁਰ, ਰਾਮਪੁਰ ਗੋਰਾ, ਬਾਜਾ ਆਦਿ ਖੇਤਰਾਂ ਵਿਚ ਹੜ੍ਹਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਣੋਂਲੰਗਾਂ ਤੋਂ ਸ਼ੁਰੂ ਹੋਣ ਵਾਲੀ ਛੋਟੀ ਨਦੀ, ਜੋ ਪੱਕਾ ਕੋਠਾ, ਮੁਹੱਬਲੀਪੁਰ ਤੇ ਡੇਰਾ ਸੈਅਦਾਂ ਖੇਤਰਾਂ ਵਿਚ ਪਾਣੀ ਦਾ ਕਹਿਰ ਢਾਹੁੰਦੀ ਹੈ, ਦੀ ਜਲਦ ਤੋਂ ਜਲਦ ਖੁਦਾਈ ਕਰਵਾਈ ਜਾਵੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕਾ ਕੋਠਾ, ਜੋਗਾ ਸਿੰਘ, ਬਲਵਿੰਦਰ ਸਿੰਘ ਬੰਬ, ਰਸ਼ਪਾਲ ਸਿੰਘ ਸੰਧੂ, ਕਮਲਜੀਤ ਸਿੰਘ, ਬਲਦੇਵ ਸਿੰਘ ਕੰਬੋਜ, ਜਗਤਾਰ ਸਿੰਘ ਤੇ ਸੁਖਵਿੰਦਰ ਸਿੰਘ ਸਰੂਪਵਾਲ ਸਮੇਤ ਹੋਰ ਆਗੂ ਵੀ ਹਾਜ਼ਰ ਸਨ।