ਪਸ਼ੂ-ਪੰਛੀਆਂ ਲਈ ਪਾਣੀ ਰੱਖਣਾ ਇਨਸਾਨੀਅਤ ਦੀ ਪਛਾਣ : ਪੱਡਾ
ਭਿਆਨਕ ਗਰਮੀ ਚ ਬੇਜ਼ੁਬਾਨ ਪਸ਼ੂ-ਪੰਛੀਆਂ ਲਈ ਪਾਣੀ ਰੱਖਣਾ ਇਨਸਾਨੀਅਤ ਦੀ ਪਛਾਣ : ਪੱਡਾ
Publish Date: Thu, 21 May 2026 09:07 PM (IST)
Updated Date: Thu, 21 May 2026 09:10 PM (IST)

---ਹਰ ਘਰ,ਦੁਕਾਨ ਤੇ ਜਨਤਕ ਥਾਂ ’ਤੇ ਪਾਣੀ ਦੇ ਬਰਤਨ ਰੱਖੋ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਮਈ ਦੀ ਤਪਦੀ ਧੁੱਪ ਵਿਚ ਜਦੋਂ ਪਾਰਾ 45 ਡਿਗਰੀ ਦੇ ਪਾਰ ਜਾ ਰਿਹਾ ਹੈ ਤੇ ਲੂ ਦੇ ਥਪੇੜੇ ਇਨਸਾਨ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕ ਰਹੇ ਹਨ, ਉਦੋਂ ਇਕ ਸਵਾਲ ਜੋ ਸਾਨੂੰ ਖੁਦ ਨੂੰ ਪੁੱਛਣਾ ਚਾਹੀਦਾ ਹੈ ਉਹ ਇਹ ਹੈ ਕਿ ਉਨ੍ਹਾਂ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਕੀ ਜੋ ਖੁੱਲ੍ਹੇ ਅਸਮਾਨ ਹੇਠ ਤਪਦੀ ਧਰਤੀ ’ਤੇ ਪਾਣੀ ਦੀ ਇਕ ਬੂੰਦ ਲਈ ਭਟਕਦੇ ਹਨ? ਕਪੂਰਥਲਾ ਦੇ ਜਾਣੇ-ਪਛਾਣੇ ਸਮਾਜ ਸੇਵੀ ਤੇ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਸੂਬਾ ਪ੍ਰਧਾਨ ਸੁਖਵੰਤ ਸਿੰਘ ਪੱਡਾ ਨੇ ਇਸੇ ਸੰਵੇਦਨਸ਼ੀਲ ਮੁੱਦੇ ’ਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਇਕ ਭਾਵੁਕ ਅਪੀਲ ਕੀਤੀ ਹੈ। ਪੱਡਾ ਨੇ ਕਿਹਾ ਕਿ ਵਧਦੇ ਤਾਪਮਾਨ ਨੇ ਜਿਥੇ ਇਨਸਾਨਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਖੁੱਲ੍ਹੇ ਅਸਮਾਨ ਹੇਠ ਰਹਿਣ ਵਾਲੇ ਪਸ਼ੂ-ਪੰਛੀਆਂ ਦੀ ਹਾਲਤ ਬੇਹੱਦ ਤਰਸਯੋਗ ਹੋ ਗਈ ਹੈ। ਇਨਸਾਨ ਤਾਂ ਕੂਲਰ, ਪੱਖੇ ਤੇ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਲੈਂਦਾ ਹੈ ਪਰ ਬੇਜ਼ੁਬਾਨ ਜੀਵ ਝੁਲਸਾਉਣ ਵਾਲੀ ਵਾਲੀ ਧੁੱਪ ’ਚ ਪਾਣੀ ਦੀ ਭਾਲ ’ਚ ਭਟਕਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਮਨ ਦੁਖੀ ਹੁੰਦਾ ਹੈ ਜਦੋਂ ਕੋਈ ਪਿਆਸਾ ਕੁੱਤਾ, ਪੰਛੀ ਜਾਂ ਗਾਂ ਪਾਣੀ ਦੀ ਖੋਜ ’ਚ ਇਧਰ-ਉਧਰ ਭਟਕਦੀ ਹੈ ਤੇ ਉਸ ਨੂੰ ਕਿਤੇ ਵੀ ਰਾਹਤ ਨਹੀਂ ਮਿਲਦੀ। ਪੱਡਾ ਨੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਘਰ, ਦੁਕਾਨ, ਦਫਤਰ ਤੇ ਜਨਤਕ ਥਾਵਾਂ ’ਤੇ ਪਸ਼ੂ-ਪੰਛੀਆਂ ਲਈ ਪਾਣੀ ਦੇ ਬਰਤਨ ਰੱਖੇ ਤਾਂ ਜੋ ਉਹ ਆਪਣੀ ਪਿਆਸ ਬੁਝਾ ਸਕਣ। ਉਨ੍ਹਾਂ ਕਿਹਾ ਕਿ ਇਹ ਕੋਈ ਵੱਡਾ ਕੰਮ ਨਹੀਂ ਹੈ ਬੱਸ ਇਕ ਮਿੱਟੀ ਦਾ ਕਟੋਰਾ ਜਾਂ ਕੋਈ ਵੀ ਬਰਤਨ ਜਿਸ ’ਚ ਤਾਜ਼ਾ ਪਾਣੀ ਭਰ ਕੇ ਰੱਖ ਦਿੱਤਾ ਜਾਵੇ, ਉਹ ਕਿਸੇ ਪਿਆਸੇ ਜੀਵ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਪਾਣੀ ਦੇ ਬਰਤਨਾਂ ਨੂੰ ਸਵੇਰੇ ਤੇ ਸ਼ਾਮ ਸਾਫ ਕਰ ਕੇ ਉਨ੍ਹਾਂ ਚ ਤਾਜ਼ਾ ਪਾਣੀ ਭਰਿਆ ਜਾਵੇ। ਗਰਮੀ ਦੇ ਮੌਸਮ ਚ ਪਾਣੀ ਜਲਦੀ ਗਰਮ ਤੇ ਗੰਦਾ ਹੋ ਜਾਂਦਾ ਹੈ, ਇਸ ਲਈ ਦਿਨ ’ਚ ਘੱਟੋ-ਘੱਟ ਦੋ ਵਾਰ ਪਾਣੀ ਬਦਲਣਾ ਜ਼ਰੂਰੀ ਹੈ। ਪੱਡਾ ਨੇ ਕਪੂਰਥਲਾ ਦੀਆਂ ਸਮਾਜਿਕ ਜਥੇਬੰਦੀਆਂ, ਵਪਾਰਕ ਸੰਸਥਾਵਾਂ, ਧਾਰਮਿਕ ਸੰਗਠਨਾਂ ਤੇ ਆਮ ਨਾਗਰਿਕਾਂ ਨੂੰ ਇਸ ਨੇਕ ਕੰਮ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਸ ਭਿਆਨਕ ਗਰਮੀ ’ਚ ਜੇਕਰ ਅਸੀਂ ਇਕ ਬੇਜ਼ੁਬਾਨ ਦੀ ਪਿਆਸ ਬੁਝਾ ਸਕਦੇ ਹਾਂ, ਤਾਂ ਇਸ ਤੋਂ ਵੱਡੀ ਇਨਸਾਨੀਅਤ ਹੋਰ ਕੀ ਹੋਵੇਗੀ।