ਕਪੂਰਥਲਾ ਨਿਗਮ ਚੋਣਾਂ : 29 ਮਈ ਨੂੰ ਆਉਣਗੇ ਨਤੀਜੇ, ਕਾਂਗਰਸ ਤੇ ‘ਆਪ’ ਵਿਚਾਲੇ ਫਸਵਾਂ ਮੁਕਾਬਲਾ; ਉਮੀਦਵਾਰਾਂ ਤੇ ਸਮਰਥਕਾਂ ਦੀਆਂ ਧੜਕਣਾਂ ਤੇਜ਼
ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਸਿਆਸੀ ਦਫ਼ਤਰਾਂ, ਚਾਹ ਦੀਆਂ ਦੁਕਾਨਾਂ ਅਤੇ ਸੋਸ਼ਲ ਮੀਡੀਆ ਤੱਕ ਸਿਰਫ਼ ਇਕੋ ਚਰਚਾ ਹੈ ਕਿ ਕਪੂਰਥਲਾ ਨਿਗਮ 'ਤੇ ਇਸ ਵਾਰ ਕਿਸ ਦਾ ਕਬਜ਼ਾ ਹੋਵੇਗਾ? ਪਿਛਲੀ ਵਾਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 50 ਵਿੱਚੋਂ 48 ਵਾਰਡਾਂ 'ਤੇ ਸ਼ਾਨਦਾਰ ਜਿੱਤ ਦਰਜ ਕਰਕੇ ਇਕ ਤਰਫ਼ਾ ਦਬਦਬਾ ਕਾਇਮ ਕੀਤਾ ਸੀ
Publish Date: Thu, 28 May 2026 11:26 AM (IST)
Updated Date: Thu, 28 May 2026 11:30 AM (IST)
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੀਆਂ 50 ਵਾਰਡਾਂ ਲਈ 26 ਮਈ ਨੂੰ ਹੋਈ ਵੋਟਿੰਗ ਤੋਂ ਬਾਅਦ ਹੁਣ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਤੀਜਿਆਂ ਦੀਆਂ ਅਟਕਲਾਂ ਦੇ ਕੇਂਦਰ ‘ਚ ਆ ਗਿਆ ਹੈ। ਸ਼ਹਿਰ ਵਿੱਚ 61.50 ਫੀਸਦੀ ਮਤਦਾਨ ਹੋਣ ਤੋਂ ਬਾਅਦ ਹੁਣ 29 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨਾ ਸਿਰਫ਼ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹਨ, ਸਗੋਂ ਉਨ੍ਹਾਂ ਦੇ ਸਮਰਥਕਾਂ ਵਿੱਚ ਵੀ ਭਾਰੀ ਬੇਚੈਨੀ ਅਤੇ ਉਤਸੁਕਤਾ ਦਾ ਮਾਹੌਲ ਬਣਿਆ ਹੋਇਆ ਹੈ।
ਸ਼ਹਿਰ ਦੀਆਂ ਗਲੀਆਂ ਤੋਂ ਲੈ ਕੇ ਸਿਆਸੀ ਦਫ਼ਤਰਾਂ, ਚਾਹ ਦੀਆਂ ਦੁਕਾਨਾਂ ਅਤੇ ਸੋਸ਼ਲ ਮੀਡੀਆ ਤੱਕ ਸਿਰਫ਼ ਇਕੋ ਚਰਚਾ ਹੈ ਕਿ ਕਪੂਰਥਲਾ ਨਿਗਮ 'ਤੇ ਇਸ ਵਾਰ ਕਿਸ ਦਾ ਕਬਜ਼ਾ ਹੋਵੇਗਾ? ਪਿਛਲੀ ਵਾਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ 50 ਵਿੱਚੋਂ 48 ਵਾਰਡਾਂ 'ਤੇ ਸ਼ਾਨਦਾਰ ਜਿੱਤ ਦਰਜ ਕਰਕੇ ਇਕ ਤਰਫ਼ਾ ਦਬਦਬਾ ਕਾਇਮ ਕੀਤਾ ਸੀ ਪਰ ਇਸ ਵਾਰ ਹਾਲਾਤ ਪਹਿਲਾਂ ਨਾਲੋਂ ਕਾਫੀ ਵੱਖਰੇ ਨਜ਼ਰ ਆ ਰਹੇ ਹਨ। ਭਾਵੇਂ ਕਾਂਗਰਸ ਅਜੇ ਵੀ ਕਈ ਵਾਰਡਾਂ ਵਿੱਚ ਮਜ਼ਬੂਤ ਦਿਖਾਈ ਦੇ ਰਹੀ ਹੈ ਪਰ ਇਸ ਵਾਰ ਉਸ ਤਰ੍ਹਾਂ ਦੀ ਇਕ ਪੱਖੀ ਜਿੱਤ ਦੀ ਸੰਭਾਵਨਾ ਕੁਝ ਘੱਟ ਮੰਨੀ ਜਾ ਰਹੀ ਹੈ।
ਸਿਆਸੀ ਮਾਹਿਰਾਂ ਅਤੇ ਸ਼ਹਿਰ ਦੇ ਚਰਚਿਆਂ ਮੁਤਾਬਕ ਮੁੱਖ ਮੁਕਾਬਲਾ ਕਾਂਗਰਸ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਵਿਚਕਾਰ ਹੀ ਬਣਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਬਹੁਮਤ ਦਾ ਅੰਕੜਾ ਅਜੇ ਵੀ ਕਾਂਗਰਸ ਦੇ ਪੱਖ ਵਿੱਚ ਜਾਂਦਾ ਦਿਖਾਈ ਦੇ ਰਿਹਾ ਹੈ ਪਰ ਕਈ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਕਾਫ਼ੀ ਮਜ਼ਬੂਤ ਸਥਿਤੀ ਵਿੱਚ ਮੰਨੇ ਜਾ ਰਹੇ ਹਨ। ਓਧਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੀ ਕੁਝ ਵਾਰਡਾਂ ਵਿੱਚ ਆਪਣਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹਿ ਸਕਦੀਆਂ ਹਨ। ਖਾਸ ਤੌਰ 'ਤੇ ਸ਼ਹਿਰੀ ਵੋਟਰਾਂ ਵਾਲੇ ਕੁਝ ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ, ਜਦਕਿ ਅਕਾਲੀ ਦਲ ਨੇ ਵੀ ਆਪਣਾ ਰਵਾਇਤੀ ਵੋਟ ਬੈਂਕ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਵਾਰਡ ਨੰਬਰ 1 ਤੋ 12 ਤੱਕ ਫਿਲਹਾਲ ਤਾ ਕਾਗਰਸ ਦਾ ਹੀ ਦਬਦਬਾ ਦਿੱਖ ਰਿਹਾ ਹੈ। ਇਸ ਚੋਣ ਦੀ ਸਭ ਤੋਂ ਦਿਲਚਸਪ ਗੱਲ ਇਹ ਮੰਨੀ ਜਾ ਰਹੀ ਹੈ ਕਿ ਕੁਝ ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਵੀ ਵੱਡੀਆਂ ਪਾਰਟੀਆਂ ਦੇ ਸਾਰੇ ਗਣਿਤ ਖਰਾਬ ਕਰ ਸਕਦੇ ਹਨ। ਕਈ ਥਾਵਾਂ 'ਤੇ ਬਾਗੀ ਉਮੀਦਵਾਰਾਂ ਨੇ ਮੁੱਖ ਪਾਰਟੀਆਂ ਲਈ ਚੁਣੌਤੀ ਖੜੀ ਕਰ ਦਿੱਤੀ ਹੈ, ਜਿਸ ਕਾਰਨ ਨਤੀਜਿਆਂ ਵਿੱਚ ਹੈਰਾਨੀ ਜਨਕ ਮੋੜ ਆ ਸਕਦੇ ਹਨ।
ਵੋਟਿੰਗ ਮੁਕਣ ਤੋਂ ਬਾਅਦ ਹੁਣ ਉਮੀਦਵਾਰ ਆਪਣੇ-ਆਪਣੇ ਬੂਥਾਂ ਦੇ ਅੰਕੜੇ, ਵੋਟਿੰਗ ਪੈਟਰਨ ਅਤੇ ਸਮਰਥਕਾਂ ਦੀ ਫੀਡਬੈਕ ਦੇ ਆਧਾਰ 'ਤੇ ਜਿੱਤ-ਹਾਰ ਦੇ ਹਿਸਾਬ ਕਿਤਾਬ ਲਗਾਉਣ ਵਿੱਚ ਜੁਟੇ ਹੋਏ ਹਨ। ਕਈ ਸਿਆਸੀ ਦਫ਼ਤਰਾਂ ਵਿੱਚ ਦੇਰ ਰਾਤ ਤੱਕ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਹੁਣ ਸਭ ਦੀਆਂ ਨਿਗਾਹਾਂ 29 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ 'ਤੇ ਟਿਕੀਆਂ ਹੋਈਆਂ ਹਨ, ਜੋ ਇਹ ਤੈਅ ਕਰੇਗੀ ਕਿ ਕਪੂਰਥਲਾ ਨਗਰ ਨਿਗਮ ਦੀ ਸੱਤਾ 'ਤੇ ਇਸ ਵਾਰ ਕਿਸ ਦਾ ਝੰਡਾ ਲਹਿਰੇਗਾ।
ਚੋਣ ਗਿਣਤੀ ਤੋਂ ਪਹਿਲਾਂ ਚਰਚਾ ‘ਚ ਰਹੇ ਮੁੱਖ ਪੁਆਇੰਟ
■ ਕਾਂਗਰਸ ਨੂੰ ਅਜੇ ਵੀ ਬਹੁਮਤ ਦਾ ਦਾਵੇਦਾਰ ਮੰਨਿਆ ਜਾ ਰਿਹਾ
■ ‘ਆਪ’ ਨੇ ਕਈ ਵਾਰਡਾਂ ਵਿੱਚ ਦਿੱਤੀ ਸਖ਼ਤ ਟੱਕਰ
■ ਭਾਜਪਾ ਅਤੇ ਅਕਾਲੀ ਦਲ ਕੁਝ ਸੀਟਾਂ ‘ਤੇ ਕਰ ਸਕਦੇ ਹਨ ਹੈਰਾਨੀ
■ ਬਾਗੀ ਅਤੇ ਆਜ਼ਾਦ ਉਮੀਦਵਾਰਾਂ ਨੇ ਵਿਗਾੜੇ ਕਈ ਸਮੀਕਰਨ
■ 61.50 ਫੀਸਦੀ ਵੋਟਿੰਗ ਨੂੰ ਮੰਨਿਆ ਜਾ ਰਿਹਾ ਨਿਰਣਾਇਕ
■ ਉਮੀਦਵਾਰਾਂ ਨਾਲੋਂ ਵੱਧ ਸਮਰਥਕਾਂ ਵਿੱਚ ਨਤੀਜਿਆਂ ਨੂੰ ਲੈ ਕੇ ਬੇਚੈਨੀ
■ ਗਿਣਤੀ ਤੋਂ ਪਹਿਲਾਂ ਹੀ ਜਿੱਤ ਦੇ ਦਾਵਿਆਂ ਦਾ ਦੌਰ ਸ਼ੁਰੂ।