ਟੈੱਟ ਪ੍ਰੀਖਿਆ ਦੇ ਸੈਂਟਰ ਦੂਰ-ਦੁਰਾਡੇ ਬਣਾ ਕੇ ਖੱਜਲ-ਖੁਆਰ ਕਰਨਾ ਬਰਦਾਸ਼ਤ ਨਹੀਂ : ਅਧਿਆਪਕ ਆਗੂ
ਟੈੱਟ ਪ੍ਰੀਖਿਆ ਦੇ ਸੈਂਟਰ ਦੂਰ-ਦੁਰਾਡੇ ਬਣਾਕੇ ਅਧਿਆਪਕਾਂ ਨੂੰ ਖੱਜਲ-ਖੁਆਰ ਕਰਨਾ ਬਰਦਾਸ਼ਤ ਨਹੀਂ : ਅਧਿਆਪਕ ਆਗੂ
Publish Date: Fri, 17 Apr 2026 10:49 PM (IST)
Updated Date: Fri, 17 Apr 2026 10:51 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ ਟੈੱਟ ਦੇ ਸੈਂਟਰ ਦੂਰ-ਦੁਰਾਡੇ ਇਲਾਕਿਆਂ ਵਿੱਚ ਬਣਾਉਣ ਦੇ ਫ਼ੈਸਲੇ ਨੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਦਲਜੀਤ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਲਗਾਤਾਰ ਅਧਿਆਪਕਾਂ ਨੂੰ ਤੰਗ-ਪਰੇਸ਼ਾਨ ਕਰਨ ਵਾਲੇ ਫ਼ੈਸਲੇ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਅਧਿਆਪਕਾਂ ਨੂੰ ਪੜ੍ਹਾਉਣ ਦੀ ਬਜਾਏ ਗੈਰ-ਸਿੱਖਿਆ ਡਿਊਟੀਆਂ ਵਿੱਚ ਝੋਕਿਆ ਹੋਇਆ ਹੈ ਅਤੇ ਹੁਣ ਪ੍ਰੀਖਿਆ ਦੇ ਸੈਂਟਰ ਸੈਂਕੜੇ ਕਿਲੋਮੀਟਰ ਦੂਰ ਬਣਾ ਕੇ ਅਧਿਆਪਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਖ਼ਾਸ ਕਰ ਕੇ ਮਹਿਲਾ ਅਧਿਆਪਕਾਂ ਲਈ ਇਹ ਫ਼ੈਸਲਾ ਬਹੁਤ ਹੀ ਅਸਹੂਲਤ ਭਰਿਆ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਵਿਭਾਗ ਨੇ ਤੁਰੰਤ ਇਹ ਤਾਨਾਸ਼ਾਹੀ ਫ਼ੈਸਲਾ ਵਾਪਸ ਨਾ ਲਿਆ ਅਤੇ ਪ੍ਰੀਖਿਆ ਦੇ ਸੈਂਟਰ ਨਜ਼ਦੀਕੀ ਜ਼ਿਲ੍ਹਿਆਂ ਵਿੱਚ ਨਾ ਬਣਾਏ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ। ਅਧਿਆਪਕ ਵਰਗ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਅਵਤਾਰ ਸਿੰਘ ਹੈਬਤਪੁਰ, ਅਸ਼ਵਨੀ ਕੁਮਾਰ, ਅਮਨਦੀਪ ਸਿੰਘ, ਯਾਦਵਿੰਦਰ ਸਿੰਘ, ਪੰਕਜ ਮਰਵਾਹਾ, ਜਸਵਿੰਦਰ ਸਿੰਘ ਸਿਕਾਰਪੁਰ, ਜਸਵੀਰ ਸਿੰਘ ਚੀਮਾ, ਸੁਖਦੇਵ ਸਿੰਘ ਬੂਲਪੁਰ, ਸੁਖਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਤਜਿੰਦਰ ਸਿੰਘ, ਯੋਗੇਸ਼ ਸੋਰੀ, ਜਗਮੋਹਨ ਸਿੰਘ, ਪਰਮਿੰਦਰ ਸਿੰਘ, ਬਲਜੀਤ ਸਿੰਘ ਬੱਬਾ, ਅਜੈ ਗੁਪਤਾ ਆਦਿ ਅਧਿਆਪਕ ਆਗੂ ਹਾਜ਼ਰ ਸਨ।