ਗਰਮੀ ’ਚ ਪਾਣੀ ਦੀ ਕਮੀ ਦੂਰ ਕਰਨ ਲਈ ਦਹੀਂ ਸਹੀ ਜਾਂ ਲੱਸੀ
ਗਰਮੀ ’ਚ ਪਾਣੀ ਦੀ ਕਮੀ ਦੂਰ ਕਰਨ ਲਈ ਦਹੀਂ ਸਹੀ ਜਾਂ ਲੱਸੀ ? ,ਮਾਹਿਰ ਡਾਕਟਰਾਂ ਨੇ ਦਿੱਤੀ ਇਹ ਸਲਾਹ
Publish Date: Sun, 10 May 2026 07:54 PM (IST)
Updated Date: Sun, 10 May 2026 07:57 PM (IST)

ਦੋਵੇਂ ਹੀ ਸਰੀਰ ਲਈ ਲਾਭਦਾਇਕ, ਪਰ ਸਹੀ ਤਰੀਕੇ ਨਾਲ ਸੇਵਨ ਜ਼ਰੂਰੀ : ਡਾ ਕਲੇਰ ਪਾਣੀ ਦੀ ਕਮੀ ਪੂਰੀ ਕਰਨ ’ਚ ਦੋਵੇਂ ਮਦਦਗਾਰ ਹੁੰਦੇ ਹਨ : ਡਾ ਮੋਦੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਗਰਮੀਆਂ ਦੇ ਦਿਨਾਂ ਵਿਚ ਤੇਜ਼ ਧੁੱਪ ਤੇ ਪਸੀਨੇ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਹੋਣਾ ਆਮ ਜਿਹੀ ਗੱਲ ਹੈ। ਅਜਿਹੇ ਮੌਸਮ ਵਿਚ ਲੋਕ ਆਪਣੇ ਸਰੀਰ ਨੂੰ ਠੰਢਾ ਤੇ ਤੰਦਰੁਸਤ ਰੱਖਣ ਲਈ ਦਹੀਂ ਤੇ ਲੱਸੀ ਦਾ ਵਧੇਰੇ ਸੇਵਨ ਕਰਦੇ ਹਨ ਪਰ ਮਾਹਿਰ ਡਾਕਟਰਾਂ ਅਨੁਸਾਰ ਦਹੀਂ ਤੇ ਲੱਸੀ ਦੋਵੇਂ ਹੀ ਸਿਹਤ ਲਈ ਲਾਭਦਾਇਕ ਹਨ, ਪਰ ਲੱਸੀ ਸਰੀਰ ਵਿਚ ਪਾਣੀ ਦੀ ਕਮੀ ਨੂੰ ਜ਼ਿਆਦਾ ਤੇਜ਼ੀ ਨਾਲ ਪੂਰਾ ਕਰਨ ਵਿਚ ਮਦਦ ਕਰਦੀ ਹੈ। ਸਾਹ ਤੇ ਐਲਰਜੀ ਦੇ ਮਾਹਿਰ ਡਾ. ਦੀਪਕ ਮੋਦੀ ਨੇ ਦੱਸਿਆ ਕਿ ਦਹੀਂ ਵਿਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ-12, ਰਾਈਬੋਫਲੇਵਿਨ ਤੇ ਪ੍ਰੋਬਾਇਓਟਿਕ ਤੱਤ ਹੁੰਦੇ ਹਨ, ਜੋ ਪਾਚਣ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ। ਦਹੀਂ ਸਰੀਰ ਨੂੰ ਠੰਢਕ ਦੇਣ ਦੇ ਨਾਲ ਹੱਡੀਆਂ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਹੀਂ ਨੂੰ ਪਾਣੀ ਨਾਲ ਮਿਲਾ ਕੇ ਲੱਸੀ ਬਣਾਈ ਜਾਂਦੀ ਹੈ ਤਾਂ ਇਹ ਸਰੀਰ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਲੱਸੀ ਵਿਚ ਸੋਡੀਅਮ, ਪੋਟਾਸ਼ੀਅਮ ਤੇ ਹੋਰ ਖਣਿਜ ਤੱਤ ਹੁੰਦੇ ਹਨ, ਜੋ ਡੀਹਾਈਡ੍ਰੇਸ਼ਨ ਤੋਂ ਬਚਾਉਂਦੇ ਹਨ ਤੇ ਸਰੀਰ ਨੂੰ ਤੁਰੰਤ ਤਾਜ਼ਗੀ ਪ੍ਰਦਾਨ ਕਰਦੇ ਹਨ। ਦਿਲ, ਸ਼ੂਗਰ ਤੇ ਸਕੇਨਿੰਗ ਦੇ ਮਾਹਿਰ ਡਾ. ਕੁਲਦੀਪ ਕਲੇਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਮਿੱਠੇ ਤੇ ਕੋਲਡ ਡ੍ਰਿੰਕਸ ਦੀ ਥਾਂ ਘਰ ਦੀ ਬਣੀ ਸਾਦੀ ਲੱਸੀ ਪੀਣੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੱਸੀ ਪੇਟ ਦੀ ਗਰਮੀ ਘਟਾਉਂਦੀ ਹੈ ਤੇ ਹਾਜ਼ਮਾ ਪ੍ਰਣਾਲੀ (ਡਾਈਜੈਸਟਿਵ ਸਿਸਟਮ) ਨੂੰ ਠੀਕ ਰੱਖਦੀ ਹੈ। ਹਾਲਾਂਕਿ ਜ਼ਿਆਦਾ ਨਮਕ ਜਾਂ ਚੀਨੀ ਵਾਲੀ ਲੱਸੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਾ. ਕਲੇਰ ਅਨੁਸਾਰ ਦਹੀਂ ਤੇ ਲੱਸੀ ਵਿਚ ਮੌਜੂਦ ਚੰਗੇ ਬੈਕਟੀਰੀਆ ਆਤਾਂ ਦੀ ਸਿਹਤ ਨੂੰ ਸੁਧਾਰਦੇ ਹਨ ਤੇ ਗਰਮੀ ਵਿਚ ਹੋਣ ਵਾਲੀ ਥਕਾਵਟ ਨੂੰ ਘਟਾਉਣ ਵਿਚ ਮਦਦ ਕਰਦੇ ਹਨ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਗਰਮੀ ਦੇ ਦਿਨਾਂ ਵਿਚ ਰੋਜ਼ਾਨਾ ਦਹੀਂ ਜਾਂ ਲੱਸੀ ਨੂੰ ਵੱਧ ਤੋਂ ਵੱਧ ਆਪਣੀ ਖੁਰਾਕ ਦਾ ਹਿੱਸਾ ਜ਼ਰੂਰ ਬਣਾਇਆ ਜਾਵੇ ਤਾਂ ਜੋ ਸਰੀਰ ਤੰਦਰੁਸਤ ਤੇ ਹਾਈਡ੍ਰੇਟ ਰਹੇ।