ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਦੀ ਹਲਕੇ ਵਿੱਚ ਵੱਧ ਰਹੀ ਲੋਕਪ੍ਰੀਅਤਾ

--2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਠੋਕੀ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : 2022 ਦੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਦੇਣ ਕਾਰਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸੁਲਤਾਨਪੁਰ ਲੋਧੀ ’ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਜੋ ਆਪਣਾ ਦਬਦਬਾ ਤੇ ਪਕੜ ਹਲਕੇ ਦੇ ਲੋਕਾਂ ਨਾਲ ਆਪਸੀ ਤਾਲਮੇਲ ਸਹਿਯੋਗ ਕਰਕੇ ਬਣਾਈ ਸੀ, ਉਹ ਅੱਜ ਵੀ ਕਾਇਮ ਹੈ। ਇਸ ਦਾ ਸਬੂਤ ਪਹਿਲਾਂ ਬਲਾਕ ਸੰਮਤੀ ਤੇ ਫਿਰ ਜ਼ਿਲ੍ਹਾ ਪਰਿਸ਼ਦ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਦਿੱਤਾ ਸੀ। ਹੁਣ ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਧੜੇ ਵੱਲੋਂ ਬਾਜ਼ੀ ਮਾਰ ਕੇ ਸਿੱਧੇ ਤੌਰ ’ਤੇ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਇਹ ਸਪਸ਼ਟ ਸੰਕੇਤ ਦੇ ਦਿੱਤਾ ਹੈ ਕਿ ਜੇ ਕਾਂਗਰਸ ਹਾਈ ਕਮਾਨ ਹਲਕੇ ਵਿਚ ਸਰਵੇ ਕਰਵਾ ਕੇ ਟਿਕਟ ਦੇਵੇਗੀ ਤਾਂ ਉਨ੍ਹਾਂ ਤੋਂ ਉੱਪਰ ਹੋਰ ਕੋਈ ਉਮੀਦਵਾਰ ਨਹੀਂ ਹੋਵੇਗਾ। ਲਗਾਤਾਰ 3 ਜਿੱਤਾਂ ਪ੍ਰਾਪਤ ਕਰਨ ਨਾਲ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਸਿਆਸੀ ਕੱਦ ਹੋਰ ਉੱਚਾ ਹੋਇਆ ਹੈ। ਰਾਜਨੀਤਿਕ ਗਲਿਆਰੇ ਵਿਚ ਹੋ ਰਹੀ ਚਰਚਾ ਮੁਤਾਬਕ ਕਦੇ ਪੰਥਕ ਸੀਟ ਵਜੋਂ ਜਾਣੇ ਜਾਂਦੇ ਹਲਕਾ ਸੁਲਤਾਨਪੁਰ ਲੋਧੀ ਵਿਚ ਇਕ ਨੌਜਵਾਨ ਆਗੂ ਨੇ ਅਜਿਹੀ ਧਾਂਕ ਜਮਾਈ ਹੈ ਕਿ ਪੰਜਾਬ ਵਿਚ ਲੰਬਾ ਸਮਾਂ ਰਾਜ ਕਰਨ ਵਾਲੀ ਰਾਜਨੀਤਿਕ ਪਾਰਟੀਆਂ ਵੀ ਮੁਕਾਬਲੇ ਵਿਚ ਖੜ੍ਹ ਨਹੀਂ ਸਕੀਆਂ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਹਲਕੇ ਅੰਦਰ ਵੱਧ ਰਹੀ ਲੋਕਪ੍ਰਿਯਤਾ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਰਾਣੇ ਦੀ ਜਾਦੂ ਦੀ ਜੱਫੀ, ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਣਾ, ਹਲਕੇ ਵਿਚ ਹੜ੍ਹ ਦੌਰਾਨ ਬੇਮਿਸਾਲ ਕਾਰ ਸੇਵਾ ਰਾਹੀਂ ਲੋਕਾਂ ਨੂੰ ਰਾਹਤ ਦੇਣਾ ਹੈ ਤੇ ਵਿਧਾਨ ਸਭਾ ਵਿਚ ਵਿਕਾਸ ਦੇ ਮੁੱਦੇ ਚੁੱਕਣਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਹੁਣ ਤੋਂ ਹੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਮੁਕਾਬਲਾ ਕਰਨਾ ਆਮ ਗੱਲ ਨਹੀਂ ਹੈ। ਉਨਾਂ ਦੀ ਚੋਣ ਲੜਨ ਦੀ ਸ਼ੈਲੀ ਤੇ ਲੋਕਾਂ ਨਾਲ ਵਿਚਰਨ ਦਾ ਢੰਗ ਆਮ ਆਦਮੀ ਦੀ ਸਮਝ ਤੋਂ ਦੂਰ ਹੈ। ਜਿਹੜੇ ਵਿਰੋਧੀ ਉਨਾਂ ਤੇ ਤੰਜ ਕਸਦੇ ਸਨ ਉਹ ਵੀ ਅੱਜ ਉਨ੍ਹਾਂ ਵੱਲੋਂ ਹਲਕੇ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਖੁਸ਼ ਹਨ। ਉਨ੍ਹਾਂ ਨਗਰ ਕੌਂਸਲ ਚੋਣਾਂ ਵਿਚ 13 ਵਿਚੋਂ 7 ਆਜ਼ਾਦ ਉਮੀਦਵਾਰ ਜਿਤਾ ਕੇ ਸਿਆਸੀ ਮੈਦਾਨ ਵਿਚ ਆਪਣੀ ਤਾਕਤ ਦਿਖਾ ਦਿੱਤੀ ਹੈ। ਅੱਜ ਇਹ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਹੁਣ ਇਸ ਸਾਲ ਦੇ ਵਿਚ ਇੱਕ ਪੱਕੀ ਤੇ ਮਜ਼ਬੂਤ ਆਵਾਜ਼ ਬਣ ਚੁੱਕੇ ਹਨ। ਲੋਕਾਂ ਨੇ ਇਸ ਵਾਰ ਫਿਰ ਪਾਰਟੀ ਨਹੀਂ ਚਿਹਰਾ ਵੇਖਿਆ, ਨਿਸ਼ਾਨ ਨਾਲੋਂ ਵੱਧ ਨਿਜੀ ਪਹੁੰਚ ਵੇਖੀ ਤੇ ਵੱਡੇ ਵਾਅਦਿਆਂ ਨਾਲੋਂ ਵੱਧ ਆਪਣੇ ਕੰਮ ਤੇ ਲਾਭ ਨੂੰ ਤਰਜੀਹ ਦਿੱਤੀ। ਹਲਕੇ ਦੇ ਆਗੂਆਂ ਨਗਰ ਕੌਂਸਲ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਜੋਗਾ ਸਿੰਘ ਨੰਬਰਦਾਰ ਕਾਲੇਵਾਲ, ਗੋਲਡੀ ਧੰਜੂ ਯੂਥ ਆਗੂ, ਜਗਜੀਤ ਸਿੰਘ ਚੰਦੀ, ਸੋਨੂ ਝੰਡੂਵਾਲ, ਜੈਲਦਾਰ ਮਾਨਵਧੀਰ, ਕੌਂਸਲਰ ਨਵਨੀਤ ਚੀਮਾ, ਨਵਦੀਪ ਨੱਢਾ ,ਜਗਜੀਤ ਸਿੰਘ ਚੰਦੀ, ਬੱਬੂ ਖੈੜਾ, ਬਲਜਿੰਦਰ ਸਿੰਘ ਖਿੰਡਾ, ਰਜਿੰਦਰ ਸਿੰਘ ਤਕੀਆ, ਸੰਮਤੀ ਮੈਂਬਰ ਹਰਵਿੰਦਰ ਲਾਲੀ, ਅਨਿਲ ਭੋਲਾ, ਚੇਅਰਮੈਨ ਹਰਚਰਨ ਸਿੰਘ ਬੱਗਾ ਆਦਿ ਨੇ ਕਿਹਾ ਕਿ ਹਲਕੇ ਨੂੰ ਲੰਮੇ ਸਮੇਂ ਬਾਅਦ ਅਜਿਹਾ ਆਗੂ ਮਿਲਿਆ ਹੈ, ਜੋ ਹਲਕੇ ਦੇ ਲੋਕਾਂ ਦੇ ਦਰਦ ਨੂੰ ਦਿਲੋਂ ਮਹਿਸੂਸ ਕਰਦਾ ਹੈ ਤੇ ਆਪਣੇ ਵਰਕਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਹੈ ਤੇ ਕਦੇ ਵੀ ਉਸ ਦੀ ਪਿੱਠ ਨਹੀਂ ਲੱਗਣ ਦਿੰਦਾ।