ਕਪੂਰਥਲਾ ਨੂੰ ਫਿਰ ਤੋਂ ਪੈਰਿਸ ਬਣਾਉਣ ਲਈ ਭਾਜਪਾ ਨੂੰ ਚੁਣੋ : ਖੋਜੇਵਾਲ
ਨਿਗਮ ਚੋਣਾਂ ਸਬੰਧੀ ਭਾਜਪਾ ਆਗੂਆਂ ਨਾਲ ਇੰਚਾਰਜ ਅਨਿਲ ਸੱਚਰ ਨੇ ਕੀਤੀ ਮੀਟਿੰਗ
Publish Date: Sun, 26 Apr 2026 07:48 PM (IST)
Updated Date: Sun, 26 Apr 2026 07:52 PM (IST)

ਕਪੂਰਥਲਾ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਕੀਤੀ ਤਿਆਰੀ ਮੰਡਲ 1 ’ਚ ਅਨਿਲ ਸੱਚਰ ਦੀ ਅਗਵਾਈ ’ਚ ਹੋਈ ਮੀਟਿੰਗ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਕਪੂਰਥਲਾ ਨਗਰ ਨਿਗਮ ਚੋਣਾਂ ਲਈ ਤਿਆਰ ਹੈ। ਭਾਜਪਾ ਨੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਤੇ ਲੋਕਾਂ ਦੀ ਰਾਇ ਜਾਣਨ ਲਈ ਮੀਟਿੰਗਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ। ਸੂਬਾ ਭਾਜਪਾ ਆਗੂਆਂ ਨੇ ਕਪੂਰਥਲਾ ਦੇ ਆਪਣੇ ਦੌਰੇ ਤੇਜ਼ ਕਰ ਦਿੱਤੇ ਹਨ ਤੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਐਤਵਾਰ ਨੂੰ ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਮੰਡਲ 1 ਵਿਚ ਮੰਡਲ-1 ਦੇ ਪ੍ਰਧਾਨ ਕਮਲ ਪ੍ਰਭਾਕਰ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੀ ਹੋਈ ਮੀਟਿੰਗ ਵਿਚ ਨਗਰ ਨਿਗਮ ਚੋਣ ਕਪੂਰਥਲਾ ਦੇ ਇੰਚਾਰਜ ਤੇ ਸੂਬਾ ਭਾਜਪਾ ਸਕੱਤਰ ਅਨਿਲ ਸੱਚਰ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਨਗਰ ਨਿਗਮ ਚੋਣਾਂ ਸਬੰਧੀ ਭਾਜਪਾ ਨੇਤਾਵਾਂ ਦੀ ਰਾਏ ਮੰਗੀ ਗਈ। ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦੇਣ ਬਾਰੇ ਵੀ ਚਰਚਾ ਕੀਤੀ, ਜਿਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਹੈ ਤੇ ਜੋ ਸਖ਼ਤ ਮਿਹਨਤ ਕਰਦੇ ਹਨ। ਨਗਰ ਨਿਗਮ ਚੋਣਾਂ ਲਈ ਹਰੇਕ ਵਾਰਡ ਤੱਕ ਪਹੁੰਚਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ। ਅਨਿਲ ਸੱਚਰ ਨੇ ਨਗਰ ਨਿਗਮ ਚੋਣਾਂ ਲੜਨ ਵਿਚ ਦਿਲਚਸਪੀ ਰੱਖਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਮੰਡਲ ਪ੍ਰਧਾਨਾਂ ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਉਨ੍ਹਾਂ ਵਰਕਰਾਂ ਨੂੰ ਦੱਸਿਆ ਕਿ ਉਹ ਪਾਰਟੀ ਲੀਡਰਸ਼ਿਪ ਦੀ ਨਿਗਰਾਨੀ ਹੇਠ ਹਨ ਤੇ ਵਰਕਰਾਂ ਵਜੋਂ ਉਨ੍ਹਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਉਨ੍ਹਾਂ ਦੀਆਂ ਸਥਾਨਕ ਨਗਰ ਨਿਗਮ ਚੋਣਾਂ ਵਿਚ ਪਾਰਟੀ ਦੀ ਸਫਲਤਾ ਦੇ ਆਧਾਰ ’ਤੇ ਕੀਤਾ ਜਾਵੇਗਾ। ਉਨ੍ਹਾਂ ਨੂੰ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਧੇਰੇ ਸਮਾਂ ਤੇ ਮਿਹਨਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਹਿਰ ਵਾਸੀਆਂ ਅਪੀਲ ਕਰਦਿਆਂ ਕਿਹਾ ਕਿ ਕਪੂਰਥਲਾ ਸ਼ਹਿਰ ਨੂੰ ਫਿਰ ਤੋਂ ਪੈਰਿਸ ਬਣਾਉਣ ਲਈ ਲੋਕ ਨਗਰ ਨਿਗਮ ਚੋਣਾਂ ਵਿਚ ਭਾਜਪਾ ਦਾ ਸਾਥ ਦੇਣ। ਖੋਜੇਵਾਲ ਨੇ ਕਿਹਾ ਕਿ ਪਾਰਟੀ ਨੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਅਸੀਂ ਇਸ ਚੋਣ ਵਿਚ ਪਹਿਲਾਂ ਨਾਲੋਂ ਵੀ ਵਧੀਆ ਪ੍ਰਦਰਸ਼ਨ ਕਰਾਂਗੇ। ਇਸ ਵੇਲੇ ਕਪੂਰਥਲਾ ਨਗਰ ਨਿਗਮ ਦੇ 50 ਵਾਰਡ ਹਨ, ਇਸ ਲਈ ਭਾਜਪਾ ਇਨ੍ਹਾਂ ਨੂੰ ਜਿੱਤਣ ਲਈ ਕੰਮ ਕਰ ਰਹੀ ਹੈ। ਖੋਜੇਵਾਲ ਨੇ ਕਿਹਾ ਕਿ ਅੱਜ ਜਨਤਾ ਦਾ ਭਾਜਪਾ ਵਿਚ ਵਿਸ਼ਵਾਸ ਵਧਿਆ ਹੈ। ਅੱਜ ਜਨਤਾ ਨੂੰ ਅਹਿਸਾਸ ਹੋ ਗਿਆ ਹੈ ਕਿ ਸਿਰਫ਼ ਭਾਜਪਾ ਹੀ ਪੰਜਾਬ ਵਿਚ ਵਿਕਾਸ ਲਿਆ ਸਕਦੀ ਹੈ। ਇਸ ਲਈ ਅੱਜ ਹੋਰ ਪਾਰਟੀਆਂ ਦੇ ਮੈਂਬਰ ਵੀ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਰਹੇ ਹਨ ਤੇ ਭਾਜਪਾ ਪਰਿਵਾਰ ਦੇ ਮੈਂਬਰ ਬਣ ਰਹੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਮੰਡਲ ਪ੍ਰਧਾਨ ਕਮਲ ਪ੍ਰਭਾਕਰ, ਪ੍ਰੋਫੈਸਰ ਅਨੁਰਾਗ ਸ਼ਰਮਾ, ਅਸ਼ਵਨੀ ਤੁਲੀ, ਯਸ਼ ਮਹਾਜਨ, ਸੰਨੀ ਬੈਂਸ, ਰੋਸ਼ਨ ਲਾਲ ਸੱਭਰਵਾਲ, ਜਗਦੀਸ਼ ਸ਼ਰਮਾ, ਗੁਰਸਾਹਿਬ ਸਿੰਘ, ਮਾਨਿਕ ਗਰੋਵਰ, ਸੋਨੂੰ ਔਜਲਾ, ਮਿਰਜ਼ਾ ਰਾਮ, ਬੌਬੀ ਮਲਹੋਤਰਾ, ਲੱਕੀ ਸਰਪੰਚ, ਮਹਿਰਾਜ, ਵੀਰਪਾਲ ਸਿੰਘ, ਵਿੱਕੀ ਗੁਜਰਾਲ, ਰਵਿੰਦਰ ਸ਼ਰਮਾ, ਅਸ਼ੋਕ ਮਾਹਲਾ, ਮਨੋਹਰ ਸ਼ਰਮਾ, ਮੱਸਾ ਸਿੰਘ, ਰਾਜਨ ਠੀਗੀ, ਮਿਸ਼ਰਾ ਆਦਿ ਹਾਜ਼ਰ ਸਨ।