ਗਰਮੀ ਤੇ ਹੀਟਵੇਵ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਮਾਹਿਰ ਡਾਕਟਰਾਂ ਦੀ ਲੋਕਾਂ ਨੂੰ ਅਹਿਮ ਅਪੀਲ
ਗਰਮੀ ਅਤੇ ਹੀਟਵੇਵ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਮਾਹਿਰ ਡਾਕਟਰਾਂ ਦੀ ਲੋਕਾਂ ਨੂੰ ਅਹਿਮ ਅਪੀਲ
Publish Date: Wed, 20 May 2026 08:00 PM (IST)
Updated Date: Wed, 20 May 2026 08:01 PM (IST)

-ਬੱਚਿਆਂ, ਬਜ਼ੁਰਗਾਂ ਤੇ ਮਜ਼ਦੂਰਾਂ ਨੂੰ ਦੁਪਹਿਰ ਸਮੇਂ ਧੁੱਪ ਤੋਂ ਬਚਣ ਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਤੇ ਹੀਟਵੇਵ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਤੇ ਜ਼ਰੂਰੀ ਸੁਰੱਖਿਆ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਜਾਗਰੂਕਤਾ ਪੋਸਟਰਾਂ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਵੱਧ ਰਹੇ ਤਾਪਮਾਨ ਦੌਰਾਨ ਲਾਪਰਵਾਹੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਵਿਭਾਗ ਅਨੁਸਾਰ ਹੀਟਵੇਵ ਦੌਰਾਨ ਛੋਟੇ ਬੱਚੇ, ਬਜ਼ੁਰਗ, ਗਰਭਵਤੀ ਮਹਿਲਾਵਾਂ ਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਤੇ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ, ਲੱਸੀ ਤੇ ਓਆਰਐਸ ਵਰਗੇ ਤਰਲ ਪਦਾਰਥਾਂ ਦੀ ਵਰਤੋਂ ਕਰਨ। ਸਿਹਤ ਵਿਭਾਗ ਨੇ ਕਿਹਾ ਕਿ ਗਰਮੀ ਦੌਰਾਨ ਸਿਰਦਰਦ, ਚੱਕਰ ਆਉਣਾ, ਬੁਖਾਰ, ਜ਼ਿਆਦਾ ਪਸੀਨਾ ਆਉਣਾ, ਕਮਜ਼ੋਰੀ ਤੇ ਪਿਸ਼ਾਬ ਦਾ ਰੰਗ ਪੀਲਾ ਹੋਣਾ ਡੀ-ਹਾਈਡਰੇਸ਼ਨ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਕੂਲਾਂ ’ਚ ਵੀ ਬੱਚਿਆਂ ਨੂੰ ਗਰਮੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬੱਚਿਆਂ ਨੂੰ ਸਾਫ਼ ਤੇ ਠੰਢਾ ਪਾਣੀ ਪੀਣ, ਹੱਥ ਧੋਣ, ਹਲਕੇ ਰੰਗਾਂ ਦੇ ਕੱਪੜੇ ਪਹਿਨਣ ਤੇ ਖੁੱਲ੍ਹੀ ਧੁੱਪ ’ਚ ਖੇਡਣ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਹੀਟਸਟ੍ਰੋਕ ਜਾਂ ਬੇਹੋਸ਼ੀ ਦੀ ਹਾਲਤ ’ਚ ਦੇਖਣ ‘ਤੇ ਤੁਰੰਤ 108/102 ਐਂਬੂਲੈਂਸ ਸੇਵਾ ਨਾਲ ਸੰਪਰਕ ਕੀਤਾ ਜਾਵੇ। ਵੱਖ-ਵੱਖ ਡਾਕਟਰਾਂ ਵੱਲੋਂ ਜਾਰੀ ਗਾਈਡਲਾਈਨਜ਼ -ਡਾ. ਕੁਲਦੀਪ ਕਲੇਰ ਐੱਮਬੀਬੀਐਸ, ਐਮਡੀ, ਐਕਸ ਪੀਜੀਆਈ ਚੰਡੀਗੜ੍ਹ (ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ) ਨੇ ਕਿਹਾ ਕਿ ਭਿਆਨਕ ਗਰਮੀ ਦੌਰਾਨ ਸਰੀਰ ’ਚ ਪਾਣੀ ਦੀ ਘਾਟ ਸਭ ਤੋਂ ਵੱਡਾ ਖ਼ਤਰਾ ਹੈ। ਲੋਕ ਵੱਧ ਤੋਂ ਵੱਧ ਤਰਲ ਪਦਾਰਥ ਪੀਣ ਤੇ ਧੁੱਪ ’ਚ ਨਿਕਲਦੇ ਸਮੇਂ ਸਿਰ ਨੂੰ ਢੱਕ ਕੇ ਰੱਖਣ। -ਡਾ. ਹਰਜੀਤ ਸਿੰਘ ਐੱਮਬੀਬੀਐੱਸ (ਬੱਚਿਆਂ ਦੇ ਮਾਹਿਰ) ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਮਾਪੇ ਖ਼ਾਸ ਧਿਆਨ ਦੇਣ। ਬੱਚਿਆਂ ਨੂੰ ਵਾਰ-ਵਾਰ ਪਾਣੀ ਪਿਲਾਇਆ ਜਾਵੇ ਤੇ ਉਨ੍ਹਾਂ ਨੂੰ ਧੁੱਪ ਵਿੱਚ ਖੇਡਣ ਤੋਂ ਰੋਕਿਆ ਜਾਵੇ। -ਡਾ. ਦੀਪਕ ਮੋਦੀ ਐੱਮਬੀਬੀਐਸ, ਐੱਮਡੀ, ਡੀਐੱਨਬੀ, ਐੱਮਐੱਨਏਐੱਮਐੱਸ, ਐੱਫਸੀਸੀਪੀ (ਯੂਐੱਸਏ)(ਸਾਹ, ਦਮਾ ਤੇ ਐਲਰਜੀ ਦੇ ਮਾਹਿਰ) ਨੇ ਕਿਹਾ ਕਿ ਜੇ ਕਿਸੇ ਨੂੰ ਚੱਕਰ ਆਉਣ, ਬੇਹੋਸ਼ੀ ਜਾਂ ਤੇਜ਼ ਬੁਖਾਰ ਵਰਗੇ ਲੱਛਣ ਦਿਖਾਈ ਦੇਣ ਤਾਂ ਇਸ ਨੂੰ ਆਮ ਗਰਮੀ ਨਾ ਸਮਝਿਆ ਜਾਵੇ। ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। -ਡਾ. ਗੁਰਿੰਦਰ ਸਿੰਘ ਜੋਸਨ ਐੱਮਬੀਬੀਐੱਸ, ਐੱਮਐੱਸ (ਆਪ੍ਰੇਸ਼ਨਾਂ ਦੇ ਮਾਹਿਰ) ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਹੀਟਵੇਵ ਦੌਰਾਨ ਖ਼ਾਸ ਸਾਵਧਾਨੀ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਭੀੜ ਤੇ ਜ਼ਿਆਦਾ ਗਰਮ ਥਾਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ।