ਸੁਖਪਾਲ ਖਹਿਰਾ ਦੇ ਘਰ ਦੇ ਬਾਹਰ ਚੱਲਿਆ ਪ੍ਰਸ਼ਾਸਨ ਦਾ 'ਪੀਲਾ ਪੰਜਾ', ਰਾਮਗੜ੍ਹ ਪਿੰਡ ਬਣਿਆ ਪੁਲਿਸ ਛਾਉਣੀ
ਖਹਿਰਾ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋ ਗਏ। ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਮੌਕੇ ’ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ।
Publish Date: Mon, 23 Feb 2026 12:54 PM (IST)
Updated Date: Mon, 23 Feb 2026 01:38 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਕਪੂਰਥਲਾ, ਭੁਲੱਥ: ਰਾਮਗੜ੍ਹ ਵਿਖੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਨਿਵਾਸ ਨਾਲ ਜੁੜੇ ਵਿਵਾਦ ਨੇ ਸੋਮਵਾਰ ਨੂੰ ਨਵਾਂ ਮੋੜ ਲੈ ਲਿਆ, ਜਦੋਂ ਪ੍ਰਸ਼ਾਸਨ ਵੱਲੋਂ ਕਥਿਤ ਨਜਾਇਜ਼ ਉਸਾਰੀ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਖਹਿਰਾ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋ ਗਏ। ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਣ ਲਈ ਮੌਕੇ ’ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ।
ਸੋਮਵਾਰ ਸਵੇਰੇ ਜਦੋਂ ਪ੍ਰਸ਼ਾਸਨ ਨੇ ਡਿੱਚ ਮਸ਼ੀਨ ਚਲਾਉਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਹਾਲਾਤ ਕਾਫ਼ੀ ਤਣਾਅਪੂਰਨ ਬਣ ਗਏ। ਕਾਰਵਾਈ ਸ਼ੁਰੂ ਹੁੰਦੇ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਇਲਾਕਾ ਨਿਵਾਸੀ ਅਤੇ ਕਾਂਗਰਸੀ ਵਰਕਰ ਡਿੱਚ ਮਸ਼ੀਨ ਦੇ ਅੱਗੇ ਧਰਨੇ 'ਤੇ ਬੈਠ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਐਸ.ਐਸ.ਪੀ. ਗੌਰਵ ਦੀ ਅਗਵਾਈ ਹੇਠ ਪਹੁੰਚੀ ਪੁਲਿਸ ਨੇ ਖਹਿਰਾ ਨੂੰ ਧਰਨੇ ਤੋਂ ਚੁੱਕਣ ਦੀ ਕਾਫ਼ੀ ਕੋਸ਼ਿਸ਼ ਵੀ ਕੀਤੀ।