ਅਮਰਕੋਟ ਨਾਈਟ ਕ੍ਰਿਕਟ ਕੱਪ ਸਬੰਧੀ ਨੌਜਵਾਨਾਂ ’ਚ ਭਾਰੀ ਉਤਸ਼ਾਹ
ਅਮਰਕੋਟ ਨਾਈਟ ਕ੍ਰਿਕਟ ਕੱਪ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ
Publish Date: Sun, 17 May 2026 07:49 PM (IST)
Updated Date: Sun, 17 May 2026 07:51 PM (IST)

- 29 ਤੋਂ 31 ਮਈ ਤੱਕ ਹੋਵੇਗਾ ਸ਼ਾਨਦਾਰ ਟੂਰਨਾਮੈਂਟ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਅਮਰਕੋਟ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਏ ਜਾ ਰਹੇ ਅਮਰਕੋਟ ਨਾਈਟ ਕ੍ਰਿਕਟ ਕੱਪ ਨੂੰ ਲੈ ਕੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਸ਼ਾਨਦਾਰ ਨਾਈਟ ਕ੍ਰਿਕਟ ਟੂਰਨਾਮੈਂਟ 29, 30 ਅਤੇ 31 ਮਈ ਨੂੰ ਰੌਸ਼ਨੀ ਭਰੇ ਮੈਦਾਨ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਇਲਾਕੇ ਦੀਆਂ ਨਾਮੀ ਕ੍ਰਿਕਟ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਕਨਵੀਨਰਾਂ ਨੇ ਦੱਸਿਆ ਕਿ ਪਹਿਲਾ ਇਨਾਮ 51 ਹਜ਼ਾਰ ਰੁਪਏ, ਦੂਜਾ 31 ਹਜ਼ਾਰ, ਤੀਜਾ 11 ਹਜ਼ਾਰ ਅਤੇ ਚੌਥਾ ਇਨਾਮ 51 ਸੌ ਰੁਪਏ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੈਨ ਆਫ ਦ ਸੀਰੀਜ਼, ਬੈਸਟ ਬੈਟਸਮੈਨ ਅਤੇ ਬੈਸਟ ਬੌਲਰ ਲਈ ਵੀ ਖਾਸ ਇਨਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੁਆਰਟਰ ਫਾਈਨਲ ਅਤੇ ਮੈਨ ਆਫ ਦਿ ਮੈਚ ਲਈ ਵੀ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਐਂਟਰੀ ਫੀਸ 1000 ਰੁਪਏ ਰੱਖੀ ਗਈ ਹੈ। ਖਿਡਾਰੀਆਂ ਦੀ ਸੁਵਿਧਾ ਲਈ ਲੰਗਰ ਅਤੇ ਹੋਰ ਵਧੀਆ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਕਨਵੀਨਰਾਂ ਨੇ ਦੱਸਿਆ ਕਿ ਮੈਚ ਟੈਨਿਸ ਬਾਲ ਨਾਲ ਖੇਡੇ ਜਾਣਗੇ ਅਤੇ ਹਰ ਟੀਮ ਨੂੰ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਸ ਕ੍ਰਿਕਟ ਕੱਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਲਾਕੇ ਦੇ ਲੋਕਾਂ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਹ ਟੂਰਨਾਮੈਂਟ ਵੱਡੀ ਕਾਮਯਾਬੀ ਹਾਸਲ ਕਰੇਗਾ।